ਅਮਰੀਕਾ ਚ ਬਜ਼ੁਰਗ ਪੰਜਾਬੀ ਤੇ ਹੋਏ ਹਮਲੇ ਦੇ ਦੋਸ਼ੀ ਗ੍ਰਿਫਤਾਰ

Uncategorized

ਸੋਮਵਾਰ ਨੂੰ ਇਕ 71 ਸਾਲਾ ਸਿੱਖ ‘ਤੇ ਹਮਲਾ ਕਰਨ ਦੇ ਦੋਸ਼ ਵਿਚ ਕੈਲੀਫੋਰਨੀਆ ਦੇ ਇਕ ਸ਼ਹਿਰ ਯੂਨੀਅਨ ਸਿਟੀ ਦੇ ਪੁਲਿਸ ਮੁਖੀ ਦੇ ਬੇਟੇ ਸਮੇਤ ਦੋ ਹਮਲਾਵਰਾਂ ਨੂੰ ਗਿ੍ਫਤਾਰ ਕੀਤਾ ਹੈ ਅਤੇ ਉਨ੍ਹਾਂ ‘ਤੇ ਡਕੈਤੀ ਕਰਨ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਲਾਏ ਹਨ | ਇਸ ਅਮਰੀਕੀ ਸੂਬੇ ਵਿਚ ਘੱਟ-ਗਿਣਤੀ ਸਿੱਖ ਭਾਈਚਾਰ ‘ਤੇ ਇਕ ਹਫ਼ਤੇ ਵਿਚ ਇਹ ਦੂਸਰਾ ਹਮਲਾ ਹੈ | ਜਾਂਚ ਅਧਿਕਾਰੀ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਨਸਲੀ ਅਪਰਾਧ ਤਾਂ ਨਹੀਂ ਸੀ | ਮਨਟੇਸਾ ਵਿਚ ਸਾਹਿਬ ਸਿੰਘ ਨੱਤ ‘ਤੇ 6 ਅਗਸਤ ਨੂੰ ਸਵੇਰ ਵੇਲੇ ਸੜਕ ‘ਤੇ ਸੈਰ ਕਰਦੇ ਸਮੇਂ ਹਮਲਾ ਕਰਨ ਦੇ ਦੋਸ਼ ਵਿਚ 18 ਸਾਲਾ ਟਾਈਰੋਨ ਮੈਕਲਿਸਟਰ ਅਤੇ 16 ਸਾਲਾ ਨਾਬਾਲਗ ਨੂੰ ਗਿ੍ਫਤਾਰ ਕੀਤਾ ਹੈ | ਯੂਨੀਅਨ ਸਿਟੀ ਦੇ ਪੁਲਿਸ ਮੁੱਖੀ ਡੈਰੀਲ ਮੈਕਲਿਸਟਰ ਦੇ ਪੁੱਤਰ ਮੈਕਲਿਸਟਰ ਅਤੇ ਉਸ ਦੇ ਨਾਬਾਲਗ ਸਾਥੀ ‘ਤੇ ਡਕੈਤੀ ਦੀ ਕੋਸ਼ਿਸ਼ ਕਰਨ, ਬਜੁਰਗ ਨੂੰ ਗਾਲ੍ਹਾਂ ਕੱਢਣ ਅਤੇ ਘਾਤਕ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲਾਏ ਹਨ | ਮਨਟੇਸਾ ਪੁਲਿਸ ਨੇ ਦੱਸਿਆ ਕਿ ਉਸ ਨੂੰ ਬਹੁਤ ਸਾਰੇ ਸੁਰਾਗ ਮਿਲੇ ਜਿਸ ਨਾਲ ਸ਼ੱਕੀ ਦੋਸ਼ੀਆਂ ਦੀ ਪਛਾਣ ਕਰਨ ਵਿਚ ਮਦਦ ਮਿਲੀ | ਇਸੇ ਦੌਰਾਨ ਮੈਕਲਿਸਟਰ ਦੇ ਪਿਤਾ ਨੇ ਫੇਸਬੁੱਕ ਪੇਜ਼ ‘ਤੇ ਪਾਏ ਇਕ ਬਿਆਨ ਵਿਚ ਕਿਹਾ ਕਿ ਉਸ ਨੂੰ ਇਹ ਪਤਾ ਲੱਗਣ ਪਿਛੋਂ ਬਹੁਤ ਨਿਰਾਸ਼ਾ ਹੋਈ ਕਿ ਇਸ ਘਿਨੌਣੇ ਹਮਲੇ ਵਿਚ ਗਿ੍ਫਤਾਰ ਸ਼ੱਕੀ ਦੋਸ਼ੀਆਂ ਵਿਚ ਉਸ ਦਾ ਪੁੱਤਰ ਸ਼ਾਮਿਲ ਹੈ | ਉਸ ਦੇ ਕਾਰਨਾਮੇ ਤੋਂ ਅਸੀਂ ਨਮੋਸ਼ੀ ‘ਚ ਹਾਂ | ਉਨ੍ਹਾਂ ਦੱਸਿਆ ਕਿ ਉਸ ਦਾ ਪੁੱਤਰ ਪਰਿਵਾਰ ਨਾਲ ਨਰਾਜ਼ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਘਰ ਨਹੀਂ ਵੜਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਲਈ ਸਮਝਣਾ ਇਹ ਮੁਸ਼ਕਿਲ ਹੈ ਕਿ ਉਸ ਦੇ ਤਿੰਨ ਬੱਚਿਆਂ ਜਿਨ੍ਹਾਂ ਦਾ ਇਕੋ ਜਿਹੀਆਂ ਕਦਰਾਂ ਕੀਮਤਾਂ ਵਿਚ ਪਾਲਣ ਪੋਸ਼ਣ ਹੋਇਆ ਕਿਵੇਂ ਕੁਰਾਹੇ ਪੈ ਗਿਆ | ਪੁਲਿਸ ਮੁਖੀ ਨੇ ਕਿਹਾ ਕਿ ਉਸ
ਦਾ ਢਿੱਡ ਤਾਂ ਉਸੇ ਪਲ ਤੋਂ ਬਲ ਰਿਹਾ ਸੀ ਜਦੋਂ ਉਨ੍ਹਾਂ ਨੂੰ ਨੱਤ ‘ਤੇ ਹਮਲੇ ਅਤੇ ਅਤੇ ਹਮਲੇ ਵਿਚ ਆਪਣੇ ਪੁੱਤਰ ਦੀ ਸ਼ਮੂਲੀਅਤ ਦਾ ਪਤਾ ਲੱਗਾ | ਉਨ੍ਹਾਂ ਇਹ ਵੀ ਕਿਹਾ ਕਿ ਦੋ ਕੁ ਸਾਲ ਪਹਿਲਾਂ ਹੀ ਆਪਣੇ ਰਸਤੇ ਤੋਂ ਭਟਕਣਾ ਸ਼ੁਰੂ ਕਰ ਦਿੱਤਾ ਸੀ ਅਤੇ ਭੈੜੀ ਸੰਗਤ ਵਿਚ ਸ਼ਾਮਿਲ ਹੋ ਗਿਆ | ਨਾਬਾਲਗ ਉਮਰ ਵਿਚ ਉਹ ਚੋਰੀ ਦੇ ਮਾਮਲਿਆਂ ਵਿਚ ਵੀ ਫਸ ਗਿਆ ਸੀ ਅਤੇ ਉਸ ਦਾ ਜੁਵੇਨਾਈਲ ਹਾਲ ਵਿਚ ਕਈ ਮਹੀਨੇ ਗੁਜ਼ਾਰਨ ਪਿਛੋਂ ਛੁਟਕਾਰਾ ਹੋਇਆ | ਮੈਕਲਿਸਟਰ ਨੇ ਦੱਸਿਆ ਕਿ ਉਸ ਦਾ ਪੁੱਤਰ ਇਕ ਵਾਰ ਫਿਰ ਚੋਰੀ ਨਾਲ ਸਬੰਧਿਤ ਘਟਨਾ ਵਿਚ ਗਿ੍ਫਤਾਰ ਕੀਤਾ ਗਿਆ ਅਤੇ ਇਸ ਜ਼ੁਰਮ ਕਾਰਨ ਉਸ ਨੂੰ ਤਿੰਨ ਮਹੀਨੇ ਕੈਦ ਕੱਟਣੀ ਪਈ | ਜੇਲ੍ਹ ਤੋਂ ਰਿਹਾਅ ਹੋਣ ਪਿਛੋਂ ਉਹ ਜ਼ਿੱਦੀ ਬਣ ਗਿਆ ਅਤੇ ਕਈ ਮਹੀਨੇ ਘਰ ਨਹੀਂ ਆਇਆ | ਪੁਲਿਸ ਮੁੱਖੀ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਪੁੱਤਰ ਨੂੰ ਲੱਭਣ ਅਤੇ ਗਿ੍ਫਤਾਰ ਕਰਨ ਵਿਚ ਮਨਟੇਸਾ ਪੁਲਿਸ ਦੀ ਮਦਦ ਕੀਤੀ | ਉਨ੍ਹਾਂ ਕਿਹਾ ਕਿ ਉਹ ਹੁਣ ਗੰਭੀਰ ਦੋਸ਼ਾਂ ਦਾ ਸਾਹਮਣਾ ਕਰੇਗਾ | ਮੇਰਾ ਪਰਿਵਾਰ ਧੁਰ ਅੰਦਰੋ ਹਿੱਲਿਆ ਹੋਇਆ ਹੈ |


Leave a Reply

Your email address will not be published. Required fields are marked *