ਅਲਵਿਦਾ ਕਰੁਣਾਨਿਧੀ

Uncategorized

ਚੇਨਈ ਦੇ ਮਰੀਨਾ ਬੀਚ ‘ਤੇ ਲੱਖਾਂ ਲੋਕਾਂ ਨੇ ਦ੍ਰਾਵਿੜ ਰਾਜਨੀਤੀ ਦੇ ਆਗੂ ਕਰੁਣਾਨਿਧੀ ਨੂੰ ਅੰਤਿਮ ਵਿਦਾਈਗੀ ਦਿੱਤੀ | ਮਦਰਾਸ ਹਾਈਕੋਰਟ ‘ਚ ਪੂਰੀ ਰਾਤ ਚੱਲੀ ਸੁਣਵਾਈ ਦੇ ਬਾਅਦ ਆਏ ਫ਼ੈਸਲੇ ਦੇ ਬਾਅਦ ਸਰਕਾਰ ਨੇ ਅੰਤ ‘ਚ ਕਲੈਨਾਰ ਨੂੰ ਮਰੀਨਾ ‘ਤੇ ਦਫ਼ਨਾਉਣ ਲਈ ਜਗ੍ਹਾ ਦੇ ਦਿੱਤੀ ਅਤੇ ਲੱਖਾਂ ਪ੍ਰਸੰਸਕਾਂ, ਸਮਰਥਕਾਂ ਅਤੇ ਬਹੁਤ ਸਾਰੀਆਂ ਹਸਤੀਆਂ ਵਲੋਂ ਸ਼ਰਧਾਂਜਲੀਆਂ ਦਰਮਿਆਨ ਉਨ੍ਹਾਂ ਨੂੰ ਦਫ਼ਨਾਇਆ ਗਿਆ | ਥਲੈਗਰ (ਆਗੂ) ਨੂੰ ਅੰਤਿਮ ਵਿਦਾਈ ਦੇਣ ਲਈ ਪੂਰੇ ਦੇਸ਼ ਦੇ ਵੱਡੇ ਅਤੇ ਸਨਮਾਨਯੋਗ ਲੋਕ ਚੇਨਈ ‘ਚ ਜਮ੍ਹਾਂ ਹੋਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਅਤੇ ਉਨ੍ਹਾਂ ਦੇ ਕੇਰਲਾ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਹਮਰੁਤਬਾ ਪਿਨਾਰਈ ਵਿਜਯਨ, ਕੇ ਚੰਦਰਸ਼ੇਖਰ ਰਾਓ ਅਤੇ ਐਨ. ਚੰਦਰਬਾਬੂ ਨਾਇਡੂ ਸਮੇਤ ਕਈ ਵੱਡੇ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ, ਰਾਹੁਲ ਗਾਂਧੀ, ਕੇਂਦਰੀ ਮੰਤਰੀ ਤੇ ਤਾਮਿਲਨਾਡੂ ਤੋਂ ਭਾਜਪਾ ਦੇ ਇਕੋ ਲੋਕ ਸਭਾ ਮੈਂਬਰ ਪੋਨ ਰਾਧਾਕ੍ਰਿਸ਼ਨਨ, ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਵਾਮੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਮਰੀਨਾ ਬੀਚ ਵਿਖੇ ਵਿਛੜੇ ਆਗੂ ਨੂੰ ਫ਼ੁੱਲ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ | ਕਰੁਣਾਨਿਧੀ ਦੇ ਮਿ੍ਤਕ ਸਰੀਰ ਨੂੰ ਰਾਜਾਜੀ ਹਾਲ ‘ਚ ਰੱਖਿਆ ਗਿਆ ਸੀ, ਹਜ਼ਾਰਾਂ ਦੀ ਗਿਣਤੀ ‘ਚ ਲੋਕ ਆਪਣੇ ਨੇਤਾ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ | ਅਚਾਨਕ ਭੀੜ ਵਧਣ ਨਾਲ ਪੁਲਿਸ ਲਈ ਉਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਰਿਹਾ ਸੀ | ਇਸ ਦੌਰਾਨ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ, ਇਸ ਦੌਰਾਨ ਮਚੀ ਭਾਜੜ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਜਦਕਿ 33 ਲੋਕ ਜ਼ਖ਼ਮੀ ਹੋ ਗਏ | ਇਸ ਤਰਾਂ ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਪ੍ਰਕਾਸ਼ ਕਰਾਤ ਤੇ  ਕੇਰਲਾ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਅਤੇ ਅਖਿਲੇਸ਼ ਯਾਦਵ ਵੀ ਹਾਜ਼ਰ ਸਨ | ਕਰੁਣਾਨਿਧੀ ਨੂੰ ਪੂਰੇ ਮਿਲਟਰੀ ਸਨਮਾਨਾਂ ਨਾਲ ਦਫ਼ਨਾਇਆ ਗਿਆ | ਕਰੁਣਾਨਿਧੀ ਦੇ ਪੁੱਤਰ ਅਤੇ ਸੰਭਾਵਿਤ ਉਤਰਾਅਧਿਕਾਰੀ ਐਮ. ਕੇ. ਸਟਾਲਿਨ ਨੇ ਆਪਣੇ ਪਿਤਾ ਦੇ ਸਰੀਰ ‘ਤੇ ਲਪੇਟਿਆ ਤਿਰੰਗਾ ਪ੍ਰਾਪਤ ਕੀਤਾ | ਮਰਹੂਮ ਆਗੂ ਦੀ ਪਤਨੀ ਰਾਜਤੀ ਅਮਾਲ ਅਤੇ ਹੋਰਨਾਂ ਪੁੱਤਰਾਂ ਅਤੇ ਬੇਟੀਆਂ ਸਮੇਤ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਚਰਨਾਂ ‘ਤੇ ਫ਼ੁਲ ਪੱਤੀਆਂ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਕਰੁਣਾਨਿਧੀ ਦੇ ਤਾਬੂਤ ਨੂੰ ਕਬਰ ‘ਚ ਰੱਖੇ ਜਾਣ ਤੋਂ ਪਹਿਲਾਂ ਸਟਾਲਿਨ ਆਪਣੇ ਪਿਤਾ ਦੇ ਪੈਰ ਛੂਹੇ ਅਤੇ ਰੋਂਦੇ ਰਹੇ | ਕਰੁਣਾਨਿਧੀ ਦੀ ਸਭ ਤੋਂ ਛੋਟੀ ਬੇਟੀ ਅਤੇ ਰਾਜ ਸਭਾ ਮੈਂਬਰ ਕਨੀਮੋਝੀ ਨੇ ਆਖਰੀ ਸਮੇਂ ਆਪਣੇ ਪਿਤਾ ਦਾ ਸਿਰ ਅਤੇ ਗੱਲਾਂ ਨੂੰ ਪ੍ਰੇਮ ਨਾਲ ਸਹਿਲਾਇਆ | ਕਿਉਂਕਿ ਕਰੁਣਾਨਿਧੀ ਨੇ ਆਪਣੇ ਆਪ ਨੂੰ ਨਾਸਤਿਕ ਅਤੇ ਤਰਕਸ਼ੀਲ ਐਲਾਨਿਆਂ ਹੋਇਆ ਸੀ, ਇਸ ਲਈ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਕੋਈ ਹਿੰਦੂ ਰਸਮਾਂ ਨਹੀਂ ਨਿਭਾਈਆਂ ਗਈਆਂ | ਸੂਬੇ ਦੀ ਏ. ਆਈ. ਏ. ਡੀ. ਐਮ. ਕੇ. ਸਰਕਾਰ ਨੇ ਕੱਲ੍ਹ ਡੀ. ਐਮ. ਕੇ. ਵਲੋਂ ਕਰੁਣਾਨਿਧੀ ਨੂੰ ਦਫ਼ਨਾਉਣ ਲਈ ਮਰੀਨਾ ਬੀਚ ‘ਤੇ ਜਗ੍ਹਾ ਦੀ ਕੀਤੀ ਮੰਗ ਨੂੰ ਰੱਦ ਕਰ ਦਿੱਤਾ ਸੀ | ਸਰਕਾਰ ਨੇ ਵਾਤਾਵਰਨਕ ਚਿੰਤਾਵਾਂ ‘ਤੇ ਲੰਬਿਤ ਮੁਕੱਦਮਿਆਂ ਦਾ ਹਵਾਲਾ ਦਿੱਤਾ ਸੀ | ਡੀ. ਐਮ. ਕੇ ਇਸ ‘ਤੇ ਮਦਰਾਸ ਹਾਈਕੋਰਟ ਚਲੇ ਗਈ ਜਿਥੇ ਪਹਿਲਾਂ ਅੱਧੀ ਰਾਤ ਨੂੰ ਕੁਝ ਸੁਣਵਾਈ ਹੋਈ ਅਤੇ ਸਵੇਰੇ 8 ਵਜੇ ਮੁੜ ਸੁਣਵਾਈ ਸ਼ੁਰੂ ਹੋਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਛੜੇ ਆਗੂ ਦੇ ਪੈਰਾਂ ‘ਤੇ ਰੀਥ ਰੱਖ ਕੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ | ਚਿੱਟਾ ਕੁਰਤਾ ਅਤੇ ਚੂੜੀਦਾਰ ਪਜ਼ਾਮਾ ਪਹਿਨੀ ਪ੍ਰਧਾਨ ਮੰਤਰੀ ਨੇ ਕਰੁਣਾਨਿਧੀ ਦੀ ਪਤਨੀ ਰਾਜਤੀ ਅਮਲਾ ਨਾਲ ਗੱਲਬਾਤ ਕੀਤੀ | ਉਨ੍ਹਾਂ ਨੇ ਸਟਾਲਿਨ ਦਾ ਹੱਥ ਫੜਿਆ ਅਤੇ ਉਸ ਦਿਲਾਸਾ ਦਿੱਤਾ |
ਵਿਵਾਦ ਤੋਂ ਬਾਅਦ ਮਦਰਾਸ ਹਾਈਕੋਰਟ ਨੇ ਦਿੱਤੀ ਮਰੀਨਾ ਬੀਚ ‘ਤੇ ਦਫ਼ਨਾਉਣ ਦੀ ਇਜਾਜ਼ਤ 
ਦਿਨ ਸਮੇਂ ਮਦਰਾਸ ਹਾਈਕੋਰਟ ਨੇ ਡੀ. ਐਮ. ਕੇ. ਮੁਖੀ ਐਮ. ਕਰੁਣਾਨਿਧੀ ਨੂੰ ਮਰੀਨਾ ਬੀਚ ‘ਤੇ ਦਫ਼ਨਾਉਣ ਦੀ ਇਜਾਜ਼ਤ ਦੇ ਦਿੱਤੀ, ਅਦਾਲਤ ਨੇ ਕਿਹਾ ਕਿ ਜਗ੍ਹਾ ਮੁਹੱਈਆ ਕਰਵਾਉਣ ‘ਚ ਕੋਈ ਵੀ ਕਾਨੂੰਨੀ ਅੜਿੱਕਾ ਨਹੀਂ ਹੈ। ਕਾਰਜਕਾਰੀ ਮੁੱਖ ਜੱਜ ਐਚ. ਜੀ. ਰਮੇਸ਼ ਤੇ ਜਸਟਿਸ ਐਸ. ਐਸ. ਸੁੰਦਰ ਵਾਲੇ ਡਵੀਜ਼ਨ ਬੈਂਚ ਨੇ ਡੀ. ਐਮ. ਕੇ. ਵਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪਟੀਸ਼ਨਰ ਅਤੇ ਸਰਕਾਰ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਇਹ ਹੁਕਮ ਦਿੱਤਾ। ਅਦਾਲਤ ਨੇ ਸਰਕਾਰ ਨੂੰ ਕਰੁਣਾਨਿਧੀ ਨੂੰ ਦਫ਼ਨਾਉਣ ਲਈ ਤੁਰੰਤ ਡੀ. ਐਮ. ਕੇ. ਦੇ ਸੰਸਥਾਪਕ ਸੀ. ਐਨ. ਅੰਨਾਦੁਰਈ ਦੀ ਸਮਾਧੀ ਨੇੜੇ ਜਗ੍ਹਾ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤਾ।
ਪੰਜਾਬ ਸਰਕਾਰ ਵਲੋਂ ਇਕ ਦਿਨ ਦਾ ਸੋਗ
ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਐਮ. ਕਰੁਣਾਨਿਧੀ ਦੇ ਦਿਹਾਂਤ ‘ਤੇ ਅੱਜ ਪੰਜਾਬ ਸਰਕਾਰ ਵਲੋਂ ਇਕ ਦਿਨ ਦਾ ਸੋਗ ਰੱਖਿਆ ਗਿਆ। ਇਸ ਸਬੰਧੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਇਸ ਤਹਿਤ ਅੱਜ ਪੂਰੇ ਰਾਜ ‘ਚ ਸਰਕਾਰੀ ਤੌਰ ‘ਤੇ ਕੋਈ ਵੀ ਜਸ਼ਨ ਵਾਲਾ ਸਮਾਗਮ ਨਹੀਂ ਕੀਤਾ ਗਿਆ ਤੇ ਮੁੱਖ ਦਫ਼ਤਰ ਵਿਖੇ ਕੌਮੀ ਝੰਡੇ ਨੂੰ ਅੱਧਾ ਝੁਕਾਇਆ ਗਿਆ।
‘ਇਕ ਸ਼ਖ਼ਸ ਜੋ ਬਿਨਾਂ ਆਰਾਮ ਕੀਤੇ ਕੰਮ ਕਰਦਾ ਰਿਹਾ, ਹੁਣ ਉਹ ਆਰਾਮ ਕਰ ਰਿਹਾ ਹੈ’ 
ਕਰੁਣਾਨਿਧੀ ਨੂੰ ਜਿਸ ਤਾਬੂਤ ‘ਚ ਰੱਖ ਕੇ ਦਫ਼ਨਾਇਆ ਗਿਆ ਉਸ ‘ਤੇ ਉਨ੍ਹਾਂ ਦਾ 33 ਸਾਲ ਪਹਿਲਾਂ ਲਿਖਿਆ ਲੇਖ ਉਕਰਿਆ ਹੋਇਆ ਸੀ। ਤਾਬੂਤ ‘ਤੇ ਲਿਖਿਆ ਸੀ, ‘ਇਕ ਸ਼ਖ਼ਸ ਜੋ ਬਿਨਾਂ ਆਰਾਮ ਕੀਤੇ ਕੰਮ ਕਰਦਾ ਰਿਹਾ, ਹੁਣ ਉਹ ਆਰਾਮ ਕਰ ਰਿਹਾ ਹੈ।’

64 thoughts on “ਅਲਵਿਦਾ ਕਰੁਣਾਨਿਧੀ

Leave a Reply

Your email address will not be published. Required fields are marked *