ਇੱਕ ਦੂਜੇ ‘ਤੇ ‘ਫੋਟੋ ਵਾਰ’ ਕਰ ਰਹੀਆਂ ਹਨ ਪੰਜਾਬ ਦੀਆਂ ਦੋਵੇ ਪ੍ਰਮੁੱਖ ਪਾਰਟੀਆਂ !

Uncategorized

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਰਸਤੇ ਦੇ ਮੁੱਦੇ ਨੂੰ ਲੈ ਕੇ ਸਿਆਸਤ ਭਖਣ ਤੋਂ ਬਾਅਦ ਹੁਣ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣ ‘ਚ ਹੋਈਆਂ ਘਟਨਾਵਾਂ ਦੇ ਚਲਦੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ‘ਫੋਟੋ ਵਾਰ’ ਸ਼ੁਰੂ ਹੋ ਗਈ ਹੈ। ਜਿਥੇ ਇਕ ਪਾਸੇ ਅਕਾਲੀ ਦਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਰਗੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀਆਂ ਪੁਰਾਣੀਆਂ ਵਿਵਾਦਿਤ ਤਸਵੀਰਾਂ ਕੱਢ ਕੇ ਮੀਡੀਆ ਨੂੰ ਜਾਰੀ ਕਰ ਰਿਹਾ ਹੈ ਉਥੇ ਹੀ ਦੂਜੇ ਪਾਸੇ ਕਾਂਗਰਸ ਨੇ ਵੀ ਅਕਾਲੀਆਂ ਦੀਆਂ ਅਜਿਹੀਆਂ ਹੀ ਤਸਵੀਰਾਂ ਮੀਡੀਆ ਨੂੰ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਪਿਛਲੇ ਦਿਨੀਂ ਅਕਾਲੀ ਦਲ ਵਲੋਂ ਨਵਜੋਤ ਸਿੰਘ ਸਿੱਧੂ ਦੀ ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਣ ਦੀ ਤਸਵੀਰ ਜਾਰੀ ਕੀਤੀ ਗਈ ਸੀ। ਅੱਜ ਫਿਰ ਅਕਾਲੀ ਦਲ ਵਲੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਚੀਮਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਪਾਰਟੀ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਨੂੰ ਦੋ ਹੋਰ ਤਸਵੀਰਾਂ ਜਾਰੀ ਕੀਤੀਆਂ। ਇਨ੍ਹਾਂ ‘ਚੋਂ ਇਕ ਤਸਵੀਰ ਸਿੱਧੂ ਵਲੋਂ ਡੇਰਾ ਪ੍ਰਮੁੱਖ ਦੇ ਪੈਰ ਛੂਹਣ ਦੀ ਹੈ ਜਦੋਂਕਿ ਦੂਜੀ ਤਸਵੀਰ ਸੁਨੀਲ ਜਾਖੜ ਵਲੋਂ ਡੇਰਾ ਪ੍ਰਮੁੱਖ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਣ ਦੀ ਹੈ।

ਕਾਂਗਰਸ ਨੇ ਕੀਤਾ ਪਲਟਵਾਰ—
ਫੋਟੋ ਵਾਰ ਦਾ ਹੁਣ ਕਾਂਗਰਸ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਸੁਨੀਲ ਜਾਖੜ ਵਲੋਂ ਅੱਜ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਇਕ ਅਜਿਹੀ ਪੁਰਾਣੀ ਤਸਵੀਰ ਜਾਰੀ ਕੀਤੀ ਗਈ ਹੈ ਜੋ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੋਰ ਨੇਤਾਵਾਂ ਦੀ ਹੈ, ਜਿਸ ‘ਚ ਉਹ ਪਾਕਿਸਤਾਨ ਦੇ ਦੌਰੇ  ਸਮੇਂ ਉੱਥੇ ਗੋਲ-ਗੱਪੇ ਖਾਂਦੇ ਦਿਖਾਈ ਦੇ ਰਹੇ ਹਨ। ਜਿਥੇ ਅਕਾਲੀ ਦਲ ਡੇਰਾ ਸਿਰਸਾ ਨਾਲ ਸਬੰਧਾਂ ਨੂੰ ਲੈ ਕੇ ਸਿੱਧੂ ਅਤੇ ਜਾਖੜ ਨੂੰ ਨਿਸ਼ਾਨੇ ‘ਤੇ ਲੈ ਰਿਹਾ ਹੈ, ਉਥੇ ਹੀ ਅੱਜ ਜਾਖੜ ਨੇ ਕਰਤਾਰਪੁਰ ਦੇ ਲਾਂਘੇ ਦੇ ਮੁੱਦੇ ‘ਤੇ ਸੁਖਬੀਰ ਤੇ ਮਜੀਠੀਆ ਦੀ ਪੁਰਾਣੀ ਤਸਵੀਰ ਜਾਰੀ ਕਰ ਕੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਹੈ ਕਿ ਇਹ ਤਾਂ ਪਾਕਿਸਤਾਨ ਤੋਂ ਗੋਲ-ਗੱਪੇ ਖਾ ਕੇ ਹੀ ਵਾਪਸ ਆ ਜਾਂਦੇ ਹਨ। ਇਸ ਤਰ੍ਹਾਂ ਹੁਣ ਇਹ ਫੋਟੋ ਵਾਰ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਫੜ ਸਕਦਾ ਹੈ ਜਿਸ ‘ਚ ਇਕ-ਦੂਜੇ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਇਹ ਦੋਵੇ ਪਾਰਟੀਆਂ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਮੰਨੀਆ ਗਈਆਂ ਹਨ ਅਤੇ ਇਹਨਾਂ ਪਾਰਟੀਆਂ ‘ਤੇ ਪੰਜਾਬ ਦਾ ਭਵਿੱਖ ਅਧਿਕਾਰਤ ਹੈ |ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਬਾਅਦ ਦੋਵੇ ਪਾਰਟੀਆਂ ਦੇ ਲੀਡਰ ਹਰ ਰੋਜ਼ ਇੱਕ ਦੂਜੇ ਤੇ ਬਿਆਨਾਂ ਨਾਲ ਵਾਰ ਕਰ ਰਹੇ ਸਨ ਪਰ ਹੁਣ ਤਾਂ ਕੁਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਹੈ ਪਾਰਟੀਆਂ ਦੀ ਲੀਡਰਸ਼ਿਪ ਵਿੱਚ ‘ਫੋਟੋ ਵਾਰ ‘ ਸ਼ੁਰੂ ਹੋ ਗਿਆ ਹੈ | ਨਾ ਹੀ ਅਕਾਲੀ ਦਲ ਅਤੇ ਨਾ ਹੀ ਕਾਂਗਰਸ ਅਸਲ ਮੁੱਦੇ ‘ਤੇ ਧਿਆਨ ਦੇ ਰਹੀ ਹੈ ਬਸ ਪਾਰਟੀਆਂ ਦੇ ਲੀਡਰ ਇੱਕ ਦੂਜੇ ਉੱਤੇ ਦੋਸ਼ ਲਾਉਣ ਵਿੱਚ ਰੁੱਝੇ ਹੀ ਨਜ਼ਰ ਆ ਰਹੇ ਹਨ |ਹੁਣ ਦੇਖਣਾ ਇਹ ਹੋਵੇਗਾ ਕਿ ਸਾਡੇ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਜੋ ਠੇਸ ਗੁਰੂ ਜੀ ਦੀ ਬੇਅਦਬੀ ਕਰ ਕੇ ਪਹੁੰਚੀ ਹੈ | ਕਦੋਂ ਤੱਕ ਮਿਲੇਗਾ ਸਿੱਖ ਕੌਮ ਨੂੰ ਇਨਸਾਫ ? ਜਾਂ ਪਾਰਟੀਆਂ ਦੀ ਲੀਡਰਸ਼ਿਪ ਉਲਝੀ ਰਹੇਗੀ ਆਪਸੀ ਤਕਰਾਰ ਵਿੱਚ | ਹੁਣ ਲੱਗਦਾ ਤਾਂ ਇਹ ਹੈ ਕਿ ਪੰਜਾਬ ਦੀ ਕੁਰਸੀ ਕੀਤੇ ਆਮ ਆਦਮੀ ਪਾਰਟੀ ਨਾ ਲੈ ਜਾਵੇ ?ਕਿਉਂਕਿ ਜੋ ਪ੍ਰਮੁੱਖ ਪਾਰਟੀਆਂ ਹਨ ਉਹ ਤਾਂ ਆਪਸੀ ਵਿਵਾਦਾਂ ਵਿੱਚ ਹੀ ਉਲਝੀਆਂ ਪਾਈਆਂ ਹਨ |

Leave a Reply

Your email address will not be published. Required fields are marked *