ਨਹੀਂ ਰਹੇ ਕਰੁਣਾਨਿਧੀ

Uncategorized

ਡੀ. ਐਮ. ਕੇ. ਦੇ ਪ੍ਰਧਾਨ ਐਮ. ਕਰੁਣਾਨਿਧੀ ਜੋ ਕਿ ਆਧੁਨਿਕ ਸਮੇਂ ‘ਚ ਪ੍ਰਮੁੱਖ ਦ੍ਰਾਵਿੜ ਰਾਜ ਨੇਤਾਵਾਂ ‘ਚੋਂ ਇਕ ਸਨ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ| ਉਹ 94 ਸਾਲ ਦੇ ਸਨ ਤੇ ਪਿਛਲੇ 11 ਦਿਨਾਂ ਤੋਂ ਚੇਨਈ ਦੇ ਕਾਵੇਰੀ ਹਸਪਤਾਲ ਵਿਚ ਦਾਖ਼ਲ ਸਨ| ਉਨ੍ਹਾਂ ਨੇ ਸ਼ਾਮ 6.10 ਵਜੇ ਆਖਰੀ ਸਾਹ ਲਿਆ| ਉਹ ਤਾਮਿਲਨਾਡੂ ਦੀ ਰਾਜਨੀਤੀ ਦੇ ਸਭ ਤੋਂ ਕ੍ਰਿਸ਼ਮਾਈ ਆਗੂ ਸਨ, ਜਿਨ੍ਹਾਂ ਨੇ 7 ਦਹਾਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ | ਉਹ ਆਪਣੇ ਪਿੱਛੇ ਦੋ ਪਤਨੀਆਂ ਅਤੇ ਛੇ ਬੱਚੇ ਛੱਡ ਗਏ, ਜਿਨ੍ਹਾਂ ਵਿਚ ਡੀ.ਐਮ.ਕੇ. ਕਾਰਜਕਾਰੀ ਪ੍ਰਧਾਨ ਐਮ.ਕੇ. ਸਟਾਲਿਨ ਅਤੇ ਬੇਟੀ ਕਨੀਮੋਝੀ ਸ਼ਾਮਿਲ ਹਨ | ਹਸਪਤਾਲ ਦੇ ਕਾਰਜਕਾਰੀ ਡਾਇਰੈਕਟਰ ਡਾ. ਅਰਵਿੰਦਨ ਸੇਲਵਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਡਾਕਟਰਾਂ ਦੀ ਟੀਮ ਵਲੋਂ ਪੂਰੀ ਕੋਸ਼ਿਸ਼ ਦੇ ਬਾਵਜੂਦ ਐਮ. ਕਰੁਣਾਨਿਧੀ ਦਾ ਦਿਹਾਂਤ ਹੋ ਗਿਆ ਹੈ| ਪੂਰੀ ਮੈਡੀਕਲ ਸਹਾਇਤਾ ਦੇਣ ਦੇ ਬਾਵਜੂਦ ਉਨ੍ਹਾਂ ਦੇ ਕਈ ਅੰਗ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਸਨ | ਜ਼ਿਕਰਯੋਗ ਹੈ ਕਿ ਕਰੁਣਾਨਿਧੀ ਨੂੰ ਬੀਤੀ 28 ਜੁਲਾਈ ਨੂੰ ਖੂਨ ਦਾ ਦਬਾਅ ਘਟਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ| ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਆਈ. ਸੀ. ਯੂ. ‘ਚ ਰੱਖਿਆ ਗਿਆ ਸੀ | ਜ਼ਿਕਰਯੋਗ ਹੈ ਕਿ ਇਲਾਜ ਦੌਰਾਨ ਕਰੁਣਾਨਿਧੀ ਦੇ ਸੈਂਕੜੇ ਪ੍ਰਸੰਸਕ ਹਸਪਤਾਲ ਦੇ ਬਾਹਰ ਮੌਜੂਦ ਸਨ ਪਰ ਜਿਉਂ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਆਈ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ | ਇਸ ਮੌਕੇ ਕੁਝ ਲੋਕ ਬੇਹੋਸ਼ ਹੁੰਦੇ ਦੇਖੇ ਗਏ, ਜਦੋਂ ਕਿ ਬਾਕੀ ਬੇਹੱਦ ਦੁਖੀ ਨਜ਼ਰ ਆ ਰਹੇ ਸਨ | ਉਨ੍ਹਾਂ ਦੇ ਦਿਹਾਂਤ ਦੇ ਸੋਗ ਵਜੋਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਕਰ ਦਿੱਤੇ ਗਏ ਅਤੇ ਚਾਰੇ ਪਾਸੇ ਸੰਨਾਟਾ ਛਾ ਗਿਆ | ਸੇਲਵਰਜ ਨੇ ਕਿਹਾ ਕਿ ਅਸੀਂ ਭਾਰਤ ਦੇ ਚੋਟੀ ਦੇ ਨੇਤਾਵਾਂ ‘ਚ ਸ਼ਾਮਿਲ ਆਗੂ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਅਤੇ ਪੀੜਤ ਪਰਿਵਾਰ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ |
ਕੇਂਦਰ ਵਲੋਂ ਰਾਸ਼ਟਰੀ ਸੋਗ ਦਾ ਐਲਾਨ
ਨਵੀਂ ਦਿੱਲੀ-ਡੀ. ਐਮ. ਕੇ. ਪ੍ਰਧਾਨ ਐਮ. ਕਰੁਣਾਨਿਧੀ ਦੇ ਦਿਹਾਂਤ ਕਾਰਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ|
ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਦਿੱਲੀ ਤੇ ਤਾਮਿਲਨਾਡੂ ਸਮੇਤ ਸਾਰੇ ਸੂਬਿਆਂ ‘ਚ ਸੋਗ ਵਜੋਂ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ| ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਕੱਲ੍ਹ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ|
ਤਾਮਿਲਨਾਡੂ ਸਰਕਾਰ ਵਲੋਂ 7 ਦਿਨਾ ਸੋਗ ਦਾ ਐਲਾਨ
ਚੇਨਈ-ਤਾਮਿਲਨਾਡੂ ਸਰਕਾਰ ਨੇ ਕਰੁਣਾਨਿਧੀ ਦੇ ਦਿਹਾਂਤ ਕਾਰਨ ਸੂਬੇ ‘ਚ 7 ਦਿਨਾ ਸੋਗ ਦਾ ਐਲਾਨ ਕੀਤਾ ਹੈ| ਚੀਫ਼ ਸੈਕਟਰੀ ਗਿਰੀਜਾ ਵਿਦਿਆਨਾਥਨ ਨੇ ਦੱਸਿਆ ਕਿ ਇਸ ਦੌਰਾਨ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਤੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਰਹਿਣਗੇ| ਉਨ੍ਹਾਂ ਕਿਹਾ ਕਿ ਇਹ ਆਦੇਸ਼ ਮੁੱਖ ਮੰਤਰੀ ਕੇ. ਪਲਾਨੀਸਵਾਮੀ ਵਲੋਂ ਜਾਰੀ ਕੀਤੇ ਗਏ ਹਨ| ਸਰਕਾਰ ਵਲੋਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਲਈ ਕੱਲ੍ਹ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ¢ ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਰਾਜਾਜੀ ਹਾਲ ‘ਚ ਰੱਖਿਆ ਜਾਵੇਗਾ |
ਮੋਦੀ ਅੱਜ ਚੇਨਈ ਰਵਾਨਾ ਹੋਣਗੇ 
ਨਵੀਂ ਦਿੱਲੀ-ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਵੱਖ-ਵੱਖ ਸੀਨੀਅਰ ਆਗੂਆਂ ਵਲੋਂ ਐਮ. ਕਰੁਣਾਨਿਧੀ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ¢ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਸੀਂ ਇਕ ਮਹਾਨ ਰਾਜਨੇਤਾ ਗਵਾ ਦਿੱਤਾ ਹੈ | ਉੱਧਰ ਪ੍ਰਧਾਨ ਮੰਤਰੀ ਦਫਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੋਦੀ ਕੱਲ੍ਹ ਸਵੇਰੇ ਚੇਨਈ ਰਵਾਨਾ ਹੋਣਗੇ |
ਫ਼ਿਲਮੀ ਕਹਾਣੀਆਂ ਲਿਖਣ ਵਾਲੇ ਕਰੁਣਾਨਿਧੀ ਨੇ ਲਿਖੀ ਤਾਮਿਲਨਾਡੂ ਦੀ ਕਿਸਮਤ
ਚੇਨਈ-ਤਾਮਿਲਨਾਡੂ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ‘ਚ ਵੀ ਕੱਦਾਵਰ ਨੇਤਾ ਮੁਤੂਵੇਲ ਕਰੁਣਾਨਿਧੀ ਉਰਫ ਐਮ. ਕਰੁਣਾਨਿਧੀ ਦਾ ਇਕ ਵੱਖਰਾ ਹੀ ਦਬਦਬਾ ਰਿਹਾ ਹੈ¢ ਉਨ੍ਹਾਂ ਨੇ ਫ਼ਿਲਮਾਂ ਦੀਆਂ ਕਹਾਣੀਆਂ ਲਿਖਣ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਜੋ ਉਨ੍ਹਾਂ ਨੂੰ ਬਹੁਤੀ ਰਾਸ ਨਹੀਂ ਆਈ ਜਿਸ ਤੋਂ ਬਾਅਦ ਰਾਜਨੀਤੀ ‘ਚ ਆਉਣ ਤੋਂ ਬਾਅਦ ਇਸੇ ਕਹਾਣੀ ਲੇਖਕ ਨੇ ਤਾਮਿਲਨਾਡੂ ਦੀ ਕਿਸਮਤ ਲਿਖੀ¢ ਕਰੁਣਾਨਿਧੀ ਦਾ ਜਨਮ 3 ਜੂਨ 1924 ਵਿਚ ਤਾਮਿਲਨਾਡੂ ਦੇ ਨਾਗਪਟੀਨਮ ਦੇ ਤਿ੍ੱਕੂਭਲਈ ਵਿਚ ਹੋਇਆ¢ ਕਰੁਣਾਨਿਧੀ ਇਸਾਈ ਭਾਈਚਾਰੇ ਤੋਂ ਸਨ¢ ਉਨ੍ਹਾਂ ਨੇ ਈ.ਵੀ. ਰਾਮਾਸਵਾਮੀ ਪੇਰੀਅਰ ਦੇ ਦ੍ਰਾਵਿੜ ਅੰਦੋਲਨ ਦੇ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾਈ¢ ਉਨ੍ਹਾਂ ਦ੍ਰਾਵਿੜ ਅੰਦੋਲਨ ਦੀਆਂ ਵਿਚਾਰਧਾਰਾਵਾਂ ਦਾ ਸਮਰਥਨ ਕੀਤਾ|

1957 ‘ਚ ਪਹਿਲੀ ਵਾਰ ਬਣੇ ਵਿਧਾਇਕ
ਕਰੁਣਾਨਿਧੀ ਸਾਲ 1957 ਵਿਚ ਪਹਿਲੀ ਵਾਰ ਵਿਧਾਇਕ ਬਣੇ ਤੇ ਤਾਮਿਲਨਾਡੂ ਦੀ ਸਿਆਸਤ ਵਿਚ ਪ੍ਰਵੇਸ਼ ਕੀਤਾ| ਇਸ ਤੋਂ ਬਾਅਦ ਉਹ 1961 ਵਿਚ ਡੀ. ਐਮ. ਕੇ. ਦੇ ਖਜ਼ਾਨਚੀ ਬਣੇ ਤੇ 1962 ਵਿਚ ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਉਪ ਨੇਤਾ ਬਣੇ ਅਤੇ 1967 ਵਿਚ ਜਦੋਂ ਡੀ.ਐਮ.ਕੇ. ਪਹਿਲੀ ਵਾਰ ਸੱਤਾ ‘ਚ ਆਈ ਤਾਂ ਉਹ ਪਹਿਲੀ ਵਾਰ ਮੰਤਰੀ ਬਣੇ| ਉਨ੍ਹਾਂ ਦੇ ਜੀਵਨ ਵਿਚ ਸਭ ਤੋਂ ਵੱਡਾ ਬਦਲਾਅ ਉਦੋਂ ਆਇਆ ਜਦੋਂ 1969 ਵਿਚ ਡੀ. ਐਮ. ਕੇ. (ਦ੍ਰਾਵਿੜ ਮੁਨੇਤਰ ਕੜਗਮ) ਦੇ ਸੰਸਥਾਪਕ ਅੰਨਾਦੁਰਈ ਦੀ ਮੌਤ ਹੋ ਗਈ ਤੇ ਉਹ ਨਾ ਸਿਰਫ ਡੀ. ਐਮ. ਕੇ. ਦਾ ਚਿਹਰਾ ਬਣੇ, ਸਗੋਂ ਪਹਿਲੀ ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਵੀ ਬਣੇ|
ਉਤਰਾਅ-ਚੜ੍ਹਾਅ ਵਾਲਾ ਜੀਵਨ
ਕਰੁਣਾਨਿਧੀ ਦਾ ਨਿੱਜੀ ਜੀਵਨ ਉਤਰਾਅ-ਚੜ੍ਹਾਅ ਵਾਲਾ ਰਿਹਾ¢ ਉਨ੍ਹਾਂ ਨੇ ਤਿੰਨ ਵਿਆਹ ਕੀਤੇ| ਉਨ੍ਹਾਂ ਦੀਆਂ ਤਿੰਨ ਪਤਨੀਆਂ ਪਦਮਾਵਤੀ, ਦਯਾਲੂ ਅੰਮਾਲ ਅਤੇ ਰਾਜਾਤੀਯੰਮਾਲ ਸਨ | ਉਨ੍ਹਾਂ ਦੇ ਚਾਰ ਬੇਟੇ ਐਮ.ਕੇ. ਮੁੱਤੂ, ਐਮ.ਕੇ. ਅਲਾਗਿਰੀ, ਐਮ.ਕੇ. ਸਟਾਲਿਨ ਤੇ ਐਮ. ਕੇ. ਤਾਮਿਲਰਸੂ ਜਦੋਂਕਿ ਪੁੱਤਰੀਆਂ ਸੇਲਵੀ ਅਤੇ ਕਨੀਮੋਝੀ ਹਨ|
ਪੰਜ ਵਾਰ ਬਣੇ ਮੁੱਖ ਮੰਤਰੀ
ਜ਼ਿਕਰਯੋਗ ਹੈ ਕਿ ਐਮ. ਕਰੁਣਾਨਿਧੀ ਪੰਜ ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ | ਉਹ ਪਹਿਲੀ ਵਾਰ ਸਾਲ 1969 ਵਿਚ ਪਹਿਲੀ ਵਾਰ ਮੁੱਖ ਮੰਤਰੀ ਬਣੇ | ਇਸ ਤੋਂ ਬਾਅਦ ਉਹ ਸਾਲ 1971, 1989, 1996 ਤੇ 2006 ਵਿਚ ਮੁੱਖ ਮੰਤਰੀ ਬਣੇ | ਉਹ ਵਿਧਾਨ ਸਭਾ ‘ਚ 13 ਵਾਰ ਚੁਣੇ ਗਏ | ਅਧਿਕਾਰੀਆਂ ਨੇ ਦੱਸਿਆ ਕਿ ਕਰੁਣਾਨਿਧੀ ਦੇ ਦਿਹਾਂਤ ਤੋਂ ਬਾਅਦ ਸੂਬੇ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਲਰਟ ਜਾਰੀ ਕੀਤਾ ਗਿਆ ਹੈ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ |

Leave a Reply

Your email address will not be published. Required fields are marked *