ਪੰਜਾਬ ਦੇ ਕਿਸਾਨਾਂ ਦੇ ਬਚਣਗੇ ਕਰੋੜਾਂ ਹੁਣ Facebook, WhatsApp ਰਾਹੀਂ!

Agriculture

ਕਿਸਾਨਾਂ ਦੇ ਕਰੋੜਾਂ ਰੁਪਏ ਦੇ ਖਰਚ ਬਚਾਉਣ ਲਈ ਸਰਕਾਰ ਨਵੀਂ ਮੁਹਿੰਮ ਚਲਾਉਣ ਲੱਗੀ ਹੈ। ਪੰਜਾਬ ਦਾ ਖੇਤੀਬਾੜੀ ਵਿਭਾਗ ਹੁਣ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਖਾਦਾਂ ਦੀ ਸਹੀ ਵਰਤੋਂ ਬਾਰੇ ਦੱਸੇਗਾ, ਤਾਂ ਕਿ ਖਾਦਾਂ ‘ਤੇ ਖਰਚ ਹੋਣ ਵਾਲਾ ਵਾਧੂ ਪੈਸਾ ਬਚੇ। ਪਿਛਲੇ ਸਾਉਣੀ ਸੀਜ਼ਨ ‘ਚ ਪੰਜਾਬ ਸਰਕਾਰ ਨੇ ਪਿੰਡੋਂ-ਪਿੰਡ ਮੁਹਿੰਮ ਚਲਾ ਕੇ ਕਿਸਾਨਾਂ ਦੇ ਇਸ ਤਰ੍ਹਾਂ ਲਗਭਗ 200 ਕਰੋੜ ਰੁਪਏ ਬਚਾਏ ਸਨ, ਹੁਣ ਹਾੜ੍ਹੀ ਰੁੱਤ ‘ਚ ਵੱਧ ਤੋਂ ਵੱਧ ਕਿਸਾਨਾਂ ਤਕ ਪਹੁੰਚ ਬਣਾਉਣ ਲਈ ਸਰਕਾਰ ਫੇਸਬੁੱਕ ਤੇ ਵਟਸਐਪ ਦਾ ਸਹਾਰਾ ਲਵੇਗੀ, ਨਾਲ ਹੀ ਪਿੰਡੋਂ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਜਾਰੀ ਰਹੇਗੀ। ਪੰਜਾਬ ਖੇਤੀਬਾੜੀ ਸਕੱਤਰ ਪੰਨੂੰ ਮੁਤਾਬਕ, ਝੋਨੇ ਦੇ ਸੀਜ਼ਨ ਦੌਰਾਨ ਖਾਦਾਂ ਦੀ ਲੋੜ ਅਨੁਸਾਰ ਹੀ ਵਰਤੋਂ ਲਈ ਚਲਾਈ ਗਈ ਮੁਹਿੰਮ ਸਦਕਾ ਸਾਉਣੀ ਸੀਜ਼ਨ ‘ਚ ਕਿਸਾਨਾਂ ਨੇ ਡੀ. ਏ. ਪੀ. ਖਾਦ 46 ਹਜ਼ਾਰ ਟਨ ਘੱਟ ਵਰਤੀ। ਇਸੇ ਤਰ੍ਹਾਂ ਯੂਰੀਆ ਦੀ ਖਪਤ ਵੀ 1 ਲੱਖ ਟਨ ਘਟ ਰਹੀ। ਇਸ ਤਰ੍ਹਾਂ ਕਿਸਾਨਾਂ ਨੂੰ ਤਕਰੀਬਨ 200 ਕਰੋੜ ਰੁਪਏ ਦੀ ਬਚਤ ਹੋਈ|
ਪੰਜਾਬ ਸਰਕਾਰ ਦਾ ਮਕਸਦ ਯੂਰੀਏ ਅਤੇ ਡੀ. ਏ. ਪੀ. ਦੀ ਵਰਤੋਂ ਨੂੰ 10 ਫੀਸਦੀ ਘਟ ਕਰਨਾ ਹੈ ਕਿਉਂਕਿ ਪੰਜਾਬ ‘ਚ ਪ੍ਰਤੀ ਏਕੜ ਪਿੱਛੇ ਖਾਦਾਂ ਦੀ ਖਪਤ ਦੇਸ਼ ‘ਚ ਸਭ ਤੋਂ ਵੱਧ ਹੁੰਦੀ ਹੈ। ਹਾੜ੍ਹੀ ਰੁੱਤੇ ਪੰਜਾਬ ‘ਚ ਤਕਰੀਬਨ 13 ਲੱਖ ਟਨ ਯੂਰੀਆ ਅਤੇ 5 ਲੱਖ ਟਨ ਡੀ. ਏ. ਪੀ. (ਡਾਇਮੋਨਿਓਅਮ ਫਾਸਫੇਟ) ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਿਸਾਨਾਂ ਇਨ੍ਹਾਂ ਖਾਦਾਂ ਦਾ ਇਸਤੇਮਾਲ ਕਣਕ, ਤੇਲ ਫਸਲਾਂ, ਦਾਲਾਂ, ਗੰਨਾ, ਆਲੂ, ਸਬਜ਼ੀਆਂ, ਫਲਾਂ ਅਤੇ ਚਾਰੇ ਲਈ ਕਰਦੇ ਹਨ। ਪੰਜਾਬ ‘ਚ ਹਾੜ੍ਹੀ ਦੀ ਮੁੱਖ ਫਸਲ ਕਣਕ ਹੈ। ਇਸ ਸਾਲ ਕਣਕ ਦਾ ਰਕਬਾ 35 ਲੱਖ ਹੈਕਟੇਅਰ (85 ਲੱਖ ਏਕੜ) ਰਹਿਣ ਦਾ ਅੰਦਾਜ਼ਾ ਹੈ, ਲਿਹਾਜਾ ਖੇਤੀ ਮਹਿਕਮੇ ਮੁਤਾਬਕ ਖਾਦਾਂ ਦੀ ਵਰਤੋਂ ਕਰਨ ਨਾਲ ਕਿਸਾਨਾਂ ਦੀ ਜੇਬ ‘ਚੋਂ ਵਾਧੂ ਖਰਚ ਹੋਣ ਤੋਂ ਬਚ ਸਕਦਾ ਹੈ।
ਪੰਜਾਬ ਦੇ ਕਿਸਾਨ ਹਾੜ੍ਹੀ ਅਤੇ ਸਾਉਣੀ ਦੇ ਦੋਹਾਂ ਮੌਸਮਾਂ ‘ਚ ਕੁੱਲ ਮਿਲਾ ਕੇ 26 ਲੱਖ ਟਨ ਯੂਰੀਆ ਅਤੇ ਤਕਰਬੀਨ 8-9 ਲੱਖ ਟਨ ਡੀ. ਏ. ਪੀ. ਦਾ ਇਸਤੇਮਾਲ ਕਰਦੇ ਹਨ, ਯਾਨੀ 35 ਲੱਖ ਟਨ ਖਾਦ ਖੇਤਾਂ ‘ਚ ਪਾਉਂਦੇ ਹਨ। ਡੀ. ਏ. ਪੀ. ਅਤੇ ਯੂਰੀਏ ਨੂੰ ਮਿਲਾ ਕੇ ਖਾਦਾਂ ਦੀ ਸਾਲਾਨਾ ਵਿਕਰੀ 3,400 ਕਰੋੜ ਰੁਪਏ ਹੈ। ਕੁੱਲ ਵਿਕਰੀ ‘ਚ ਹਾੜ੍ਹੀ ਅਤੇ ਸਾਉਣੀ ਮੌਸਮ ਦਾ ਯੋਗਦਾਨ 50-50 ਫੀਸਦੀ ਹੈ। ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਇਸ ਵਾਰ ਕਣਕ ਦੀ ਬਿਜਾਈ ਤੋਂ 50 ਦਿਨ ਦੇ ਅੰਦਰ ਇਕ ਏਕੜ ‘ਚ 1 ਬੈਗ ਡੀ. ਏ. ਪੀ. (50 ਕਿਲੋਗ੍ਰਾਮ) ਅਤੇ ਦੋ ਬੈਗ ਯੂਰੀਆ (45 ਕਿਲੋ ਦਾ ਇਕ) ਤੋਂ ਵਧ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਹੈ। ਉਂਝ ਕਈ ਕਿਸਾਨ ਦੋ-ਤਿੰਨ ਬੈਗ ਡੀ. ਏ. ਪੀ. ਅਤੇ ਤਿੰਨ ਤੋਂ ਚਾਰ ਬੈਗ ਯੂਰੀਆ ਦਾ ਇਸਤੇਮਾਲ ਕਰਦੇ ਹਨ। ਇਸ ਨਾਲ ਇਕ ਤਾਂ ਜ਼ਮੀਨ ਦੀ ਸ਼ਕਤੀ ਘਟਦੀ ਹੈ ਅਤੇ ਦੂਜਾ ਕਿਸਾਨ ਦਾ ਖਰਚ ਵੀ ਵਧ ਜਾਂਦਾ ਹੈ।

3 thoughts on “ਪੰਜਾਬ ਦੇ ਕਿਸਾਨਾਂ ਦੇ ਬਚਣਗੇ ਕਰੋੜਾਂ ਹੁਣ Facebook, WhatsApp ਰਾਹੀਂ!

Leave a Reply

Your email address will not be published. Required fields are marked *