ਪੰਜਾਬ ਸਰਕਾਰ ਨੇ ਖਿੱਚੀ ਤਿਆਰੀ ,ਨਕਲੀ ਦੇਸੀ ਘੀ ਬਣਾਉਣ ਵਾਲਿਆਂ ਦੀ ਖੈਰ ਨਹੀਂ !

Uncategorized

ਮਿਲਾਵਟੀ ਦੇਸੀ ਘੀ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਨੇ ਖਰੜ ਅਤੇ ਮੋਹਾਲੀ ਸਥਿਤ ਫੂਡ ਸੇਫਟੀ ਲੈਬਜ਼ ‘ਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਜੀ. ਸੀ ਮਸ਼ੀਨਾਂ ਸਥਾਪਿਤ ਕਰ ਦਿੱਤੀਆਂ ਹਨ। ਇਹ ਜਾਣਕਾਰੀ ਫੂਡ ਸੇਫਟੀ ਕਮਿਸ਼ਨਰ, ਪੰਜਾਬ ਕੇ. ਐਸ. ਪੰਨੂੰ ਨੇ ਦਿੱਤੀ। ਪੰਨੂੰ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ‘ਚੋਂ ਵੱਡੇ ਪੱਧਰ ‘ਤੇ ਫੈਟੀ ਐਸਿਡ ਈਸਟਰ ਅਤੇ ਦੇਸੀ ਘੀ ਦੇ ਨਕਲੀ ਫਲੇਵਰ ਜ਼ਬਤ ਕੀਤੇ ਗਏ ਸਨ, ਜਿਸ ਕਾਰਨ ਫੂਡ ਸੇਫਟੀ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਨ੍ਹਾਂ ਦੀ ਦੁਰਵਰਤੋਂ ਕਰਕੇ ਨਕਲੀ ਦੇਸੀ ਘੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਪਹਿਲਾਂ ਵਾਲੀਆਂ ਲੈਬਾਂ ਦੇ ਉਪਕਰਨ ਇਸ ਸਬੰਧੀ ਜਾਂਚ ਕਰਨ ਵਿਚ ਅਸਮਰਥ ਸਨ।
ਇੱਥੇ ਇਹ ਦਸਣਯੋਗ ਹੈ ਕਿ ਪਹਿਲਾਂ ਵਾਲੀਆਂ ਮਸ਼ੀਨਾਂ ਦੇਸੀ ਘੀ ਦੀ ਜਾਂਚ ਆਰ.ਐਮ. ਦੇ ਆਧਾਰ ‘ਤੇ ਕਰਦੀਆਂ ਸਨ, ਜੋ ਫੈਟੀ ਐਸਿਡ ਈਸਟਰ ਨਾਲ ਵੱਧ ਜਾਂਦੀ ਸੀ, ਜਿਸ ਨਾਲ ਮਿਲਾਵਟਖੋਰ ਫੂਡ ਸੇਫਟੀ ਡਿਪਾਰਟਮੈਂਟ ਦੀਆਂ ਅੱਖਾਂ ‘ਚ ਘੱਟਾ ਪਾਉਣ ‘ਚ ਸਫ਼ਲ ਹੋ ਜਾਂਦੇ ਸਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਫੈਟੀ ਐਸਿਡ ਈਸਟਰ ਪੂਰਬੀ ਏਸ਼ੀਆਈ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ ਜਿਸ ਨੂੰ ਆਰ. ਐਮ. ਪੱਧਰ ਵਧਾਉਣ ਲਈ ਹਾਈਡ੍ਰੋਜਨੇਟਿਡ ਬਨਸਪਤੀ ਤੇਲ ਨਾਲ ਮਿਲਾਇਆ ਜਾਂਦਾ ਹੈ ਅਤੇ ਇਨ੍ਹਾਂ ਨਾਲ ਤਿਆਰ ਕੀਤੇ ਪਦਾਰਥ ਨੂੰ ਦੇਸੀ ਘੀ ਵਜੋਂ ਦੁਕਾਨਾਂ ‘ਤੇ ਵੇਚਿਆ ਜਾਂਦਾ ਹੈ।

ਇਹ ਮਿਲਾਵਟੀ ਹਾਈਡ੍ਰੋਜਿਨੇਟਿਡ ਤੇਲ ਦੇਖਣ ਅਤੇ ਸੁਆਦ ਦੇ ਤੌਰ ‘ਤੇ ਬਿਲਕੁਲ ਸ਼ੁੱਧ ਦੇਸੀ ਘੀ ਦੀ ਤਰ੍ਹਾਂ ਲੱਗਦਾ ਹੈ ਅਤੇ ਇਹ ਮਿਲਾਵਟੀ ਦੇਸੀ ਘੀ, ਅਸਲੀ ਦੇਸੀ ਘੀ ਦੇ ਕਿਸੇ ਵੀ ਮਾਪਦੰਡਾਂ ‘ਤੇ ਖਰਾ ਨਹੀਂ ਉੱਤਰਦਾ ਫਿਰ ਵੀ ਇਹ ਦੇਸੀ ਘੀ ਦੀ ਕੀਮਤ ਤੋਂ ਲਗਭਗ ਅੱਧੇ ਮੁੱਲ ‘ਤੇ ਵੇਚਿਆ ਜਾਂਦਾ ਹੈ। ਅਜਿਹੇ ਮਿਲਾਵਟੀ ਦੇਸੀ ਘੀ ਦੇ ਉਤਪਾਦਕ ਲੋਕਾਂ ਅਤੇ ਫੂਡ ਸੇਫਟੀ ਅਫਸਰਾਂ ਨੂੰ ਗੁੰਮਰਾਹ ਕਰਨ ਲਈ ਇਸ ਦੀ ਪੈਕਿੰਗ ‘ਤੇ ਛੋਟੇ ਅੱਖਰਾਂ ਵਿੱਚ ‘ਲਾਈਟ ਘੀ’ ਜਾਂ ‘ਪੂਜਾ ਘੀ’ ਦਾ ਲੇਬਲ ਲਾ ਦਿੰਦੇ ਹਨ। ਉਹਨਾਂ ਦੱਸਿਆ ਕਿ ਰਾਜ ਸਰਕਾਰ ਨੇ ਦੇਸੀ ਘੀ ਦੇ ਇਸ ਗੋਰਖਧੰਦੇ ਨੂੰ ਨੱਥ ਪਾਉਣ ਦੇ ਮਕਸਦ ਨਾਲ ਪਹਿਲ ਦੇ ਆਧਾਰ ‘ਤੇ ਜ਼ਰੂਰੀ ਮਸ਼ੀਨਰੀ ਖਰੀਦੀ ਗਈ ਅਤੇ ਨਾਲ ਹੀ ਇਸ ਅਮਲ ‘ਚ ਸ਼ਾਮਲ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਨ੍ਹਾਂ ਖਿਲਾਫ ਬਣਦੀ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *