ਮੁਜ਼ੱਫਰਪੁਰ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ ਦੇਵਰੀਆ ਦੇ ਸ਼ੈਲਟਰ ਹੋਮ ਦਾ ਮਾਮਲਾ

Uncategorized

ਦੇਵਰੀਆ ਦੇ ਇਕ ਬਾਲ ਗ੍ਰਹਿ ਵਿਚ ਲੜਕੀਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਲੱਗਣ ਪਿਛੋਂ ਬਾਲ ਗ੍ਰਹਿ ਵਿਚੋਂ 24 ਲੜਕੀਆਂ ਨੂੰ ਛੁਡਵਾਇਆ ਗਿਆ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਨੁਕਸਾਨ ‘ਤੇ ਕੰਟਰੋਲ ਕਰਨ ਲਈ ਤੁਰੰਤ ਹਰਕਤ ਵਿਚ ਆਉਂਦਿਆਂ ਜ਼ਿਲ੍ਹਾ ਮੈਜਿਸਟਰੇਟ ਨੂੰ ਹਟਾ ਦਿੱਤਾ ਹੈ ਅਤੇ ਇਕ ਉੱਚ ਪੱਧਰੀ ਜਾਂਚ ਦਾ ਹੁਕਮ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੇ ਸਬੰਧ ਵਿਚ ਇਕ ਜੋੜਾ ਜਿਹੜਾ ਬਾਲ ਗ੍ਰਹਿ ਨੂੰ ਚਲਾ ਰਿਹਾ ਸੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿਓਰੀਆ ਵਿਚ ਪੁਲਿਸ ਕਪਤਾਨ ਰੋਹਨ ਪੀ ਕੈਨੇ ਨੇ ਦੱਸਿਆ ਕਿ ਮਾਂ ਵਿੰਧੀਆਵਾਸਿਨੀ ਮਹਿਲਾ ਪਰਾਕਿਸ਼ਨ ਏਵਮ ਸਮਾਜ ਸੇਵਾ ਸੰਸਥਾਨ, ਜਿਸ ‘ਚ 42 ਲੜਕੀਆਂ ਤੇ ਬੱਚੇ ਸਨ ਤੋਂ ਕੱਲ੍ਹ 24 ਲੜਕੀਆਂ ਨੂੰ ਛੁਡਵਾਇਆ ਗਿਆ ਹੈ। 18 ਬਾਲ ਗ੍ਰਹਿ ਨਿਵਾਸੀ ਲਾਪਤਾ ਹਨ। ਅਸੀਂ ਇਸ ਨੂੰ ਸੀਲ ਕਰ ਦਿੱਤਾ ਹੈ। ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਦਿਓਰੀਆ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਲਖਨਊ ਵਿਚ ਮਹਿਲਾ ਤੇ ਬਾਲ ਵਿਕਾਸ ਮੰਤਰੀ ਰੀਟਾ ਬਹੁਗੁਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਕੇ ‘ਤੇ ਜਾ ਕੇ ਜਾਂਚ ਲਈ ਅਦਿੱਤਿਆਨਾਥ ਨੇ ਇਕ ਉੱਚ ਪੱਧਰੀ ਟੀਮ ਭੇਜੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੋਬੇਸ਼ਨ ਅਧਿਕਾਰੀ ਅਭਿਸ਼ੇਕ ਪਾਂਡੇ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਦੋ ਹੋਰ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਜਾਂਚ ਦਾ ਹੁਕਮ ਦਿੱਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਇਸ ਗੈਰ ਸਰਕਾਰੀ ਸੰਗਠਨ ਦੀ ਮਾਨਤਾ ਇਕ ਸਾਲਾ ਪਹਿਲਾਂ ਰੱਦ ਕਰ ਦਿੱਤੀ ਸੀ ਅਤੇ ਫੰਡ ਰੋਕ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦੀ ਜਾਂਚ ਕਰਾਂਗੇ ਕਿ ਇਹ ਹੁਣ ਤਕ ਕਿਵੇਂ ਚੱਲਦਾ ਰਿਹਾ ਅਤੇ ਇਸ ਲਈ ਜ਼ਿੰਮੇਵਾਰ ਕੌਣ ਹੈ। ਅਭਿਸ਼ੇਕ ਪਾਂਡੇ ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ ਸੀ ਜਦੋਂ ਇਸ ਦੀ ਮਾਨਤਾ ਰੱਦ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਾਂਚ ਨਿਰਪੱਖ ਹੋਵੇਗੀ ਅਤੇ ਕਸੂਰਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਮੁਜ਼ੱਫਰਪੁਰ ਵਿਖੇ ਘਟਨਾ ਦੇ ਸਾਹਮਣੇ ਆਉਣ ਪਿਛੋਂ ਮੁੱਖ ਮੰਤਰੀ ਨੇ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਇਸ ਤਰ੍ਹਾਂ ਦੇ ਸਾਰੇ ਬਾਲ ਗ੍ਰਹਿ ਕੇਂਦਰਾਂ ਦੀ ਪੜਤਾਲ ਕਰਨ ਦਾ ਹੁਕਮ ਦਿੱਤਾ ਸੀ। ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਣ ਲਈ ਕਿਹਾ ਸੀ। ਇਸ ਬਾਲ ਗ੍ਰਹਿ ਦੀਆਂ ਸਰਗਰਮੀਆਂ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਇਕ 10 ਸਾਲਾ ਲੜਕੀ ਕਿਸੇ ਤਰ੍ਹਾਂ ਦੌੜ ਕੇ ਮਹਿਲਾ ਪੁਲਿਸ ਥਾਣੇ ਜਾ ਪੁੱਜੀ ਅਤੇ ਉਥੇ ਰਹਿ ਰਹੀਆਂ ਲੜਕੀਆਂ ਦੀ ਮੁਸੀਬਤ ਬਾਰੇ ਜਾਣਕਾਰੀ ਦਿੱਤੀ। ਲੜਕੀ ਨੇ ਦੋਸ਼ ਲਾਇਆ ਕਿ ਲੜਕੀਆਂ ਨੂੰ ਬਾਹਰੋਂ ਲਿਆਉਣ ਤੇ ਲਿਜਾਣ ਲਈ ਕਾਲੇ, ਚਿੱਟੇ ਅਤੇ ਲਾਲ ਰੰਗ ਦੀਆਂ ਕਾਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਦਿਓਰੀਆ ਦੇ ਪੁਲਿਸ ਕਪਤਾਨ ਨੇ ਦੱਸਿਆ ਕਿ ਇਸ ਨੌਜਵਾਨ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਹਰੇਕ ਸ਼ਾਮ 4 ਕੁ ਵਜੇ ਕੁਝ ਲੋਕ ਆ ਕੇ ਲੜਕੀਆਂ ਨੂੰ ਮੈਨੇਜਰ ਸਮੇਤ ਲੈ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਗਿਰੀਜਾ ਤ੍ਰਿਪਾਠੀ ਅਤੇ ਉਸ ਦੇ ਪਤੀ ਮੋਹਨ ਤ੍ਰਿਪਾਠੀ ਜਿਹੜੇ ਬਾਲ ਗ੍ਰਹਿ ਚਲਾਉਂਦੇ ਸਨ ਅਤੇ ਇਸ ਦੀ ਸੁਪਰਡੈਂਟ ਕੰਚਨਲਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਧਰ ਗਿਰੀਜਾ ਤ੍ਰਿਪਾਠੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਸ਼ ਆਧਾਰਹੀਣ ਹਨ ਅਤੇ ਪਿਛਲੇ ਤਿੰਨ ਸਾਲਾਂ ਦੇ ਪੈਸੇ ਨਹੀਂ ਮਿਲੇ ਜਿਸ ਕਾਰਨ ਉਹ ਬਾਲ ਗ੍ਰਹਿ ਨੂੰ ਚਲਾ ਰਹੇ ਸਨ। ਪੁਲਿਸ ਕਪਤਾਨ ਨੇ ਦੱਸਿਆ ਕਿ ਕੰਚਨਲਤਾ ਅਤੇ ਗਿਰੀਜਾ ਤ੍ਰਿਪਾਠੀ ਖਿਲਾਫ ਧਾਰਾ 353 ਤਹਿਤ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਇਸ ਘਟਨਾ ਨਾਲ ਯੋਗੀ ਅਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ‘ਤੇ ਹਮਲਾ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਤਾਜ਼ਾ ਮਸਾਲਾ ਮਿਲ ਗਿਆ ਹੈ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਘਟਨਾ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਸਾਧੂ ਨੂੰ ਮੁੱਖ ਮੰਤਰੀ ਬਣਾਉਣ ਦਾ ਨਤੀਜਾ ਭੁਗਤ ਰਿਹੈ ਯੂ.ਪੀ.- ਮੁਲਾਇਮ

ਉੱਤਰ ਪ੍ਰਦੇਸ਼, 6 ਅਗਸਤ (ਏਜੰਸੀ)-ਦੇਵਰੀਆ ਸਥਿਤ ਇਕ ਬਾਲ ਗ੍ਰਹਿ ‘ਚ ਜਬਰ ਜਨਾਹ ਦੇ ਦੋਸ਼ੀਆਂ ਕੋਲੋਂ 24 ਲੜਕੀਆਂ ਨੂੰ ਛੁਡਾਉਣ ਤੋਂ ਬਾਅਦ ਸੂਬੇ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਮੁਲਾਇਮ ਸਿੰਘ ਯਾਦਵ ਨੇ ਯੋਗੀ ਆਦਿੱਤਅਨਾਥ ‘ਤੇ ਖੁੱਲ੍ਹ ਕੇ ਹਮਲਾ ਕੀਤਾ ਹੈ। ਮੁਲਾਇਮ ਨੇ ਕਿਹਾ ਕਿ ਬੀਜੇਪੀ ਨੇ ਇਕ ਸਾਧੂ ਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਦੇਖੋ ਰਾਜ ‘ਚ ਕੀ ਹੋ ਰਿਹਾ ਹੈ। ਉਨ੍ਹਾਂ ਰਾਜ ਦੀ ਕਾਨੂੰਨ ਪ੍ਰਣਾਲੀ ਨੂੰ ਲੈ ਕੇ ਵੀ ਯੋਗੀ ‘ਤੇ ਤਿੱਖਾ ਹਮਲਾ ਕੀਤਾ। ਸੂਬੇ ਦੇ ਪੁਲਿਸ ਅਧਿਕਾਰੀ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਸ ‘ਚ ਰਹਿਣ ਵਾਲੇ ਬੱਚਿਆਂ ਦਾ ਮੈਡੀਕਲ ਚੈਕਅਪ ਕਰਵਾਇਆ ਜਾਵੇਗਾ। ਪਾਕਸੋ ਅਦਾਲਤ ਦੇ ਸਾਹਮਣੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ।
ਮੁਜ਼ੱਫਰਪੁਰ ਤੇ ਦੇਵਰੀਆ ਵਰਗੇ ਸ਼ੈਲਟਰ ਹੋਮ ਮਾਮਲੇ ਹੋਰ ਜਗ੍ਹਾ ਵੀ ਹੋ ਰਹੇ ਹਨ-ਮੇਨਕਾ

ਨਵੀਂ ਦਿੱਲੀ, 6 ਅਗਸਤ (ਏਜੰਸੀ)-ਸੁਧਾਰ ਘਰਾਂ ਦੇ ਨਾਂਅ ‘ਤੇ ਸ਼ੋਸ਼ਣ ਹੋ ਰਿਹਾ ਹੈ। ਬਿਹਾਰ ਦੇ ਮੁਜ਼ੱਫਰਪੁਰ ਅਤੇ ਉੱਤਰ ਪ੍ਰਦੇਸ਼ ਦੇ ਦੇਵਰਿਆ ‘ਚ ਔਰਤ ਸੁਧਾਰ ਘਰ ‘ਚ ਲੜਕੀਆਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ਨਾਲ ਦੇਸ਼ ਦੇ ਹੋਰ ਸੁਧਾਰ ਘਰਾਂ ‘ਤੇ ਵੀ ਸਵਾਲੀਆ ਨਿਸ਼ਾਨ ਉੱਠਣ ਲੱਗਾ ਹੈ। ਇੰਨਾਂ ਹੀ ਨਹੀਂ ਕੇਂਦਰੀ ਔਰਤ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਇਹ ਵੀ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਹੋਰ ਜਗ੍ਹਾ ‘ਤੇ ਹੋ ਰਹੀਆਂ ਹਨ। ਕੇਂਦਰੀ ਮੰਤਰੀ ਨੇ ਇਨ੍ਹਾਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਬੱਚੀਆਂ ਨਾਲ ਹੋ ਰਹੇ ਸ਼ੋਸ਼ਣ ਤੋਂ ਦੁਖੀ ਅਤੇ ਚਿੰਤਤ ਹਨ। ਉਨ੍ਹਾਂ ਕਿਹਾ ਕਿ,’ਮੈਂ ਪਿਛਲੇ 2 ਸਾਲਾਂ ਤੋਂ ਹਰ ਸੰਸਦ ਮੈਂਬਰ ਨੂੰ ਖ਼ਤ ਲਿਖ ਰਹੀ ਹਾਂ ਕਿ ਉਹ ਆਪਣੇ- ਆਪਣੇ ਇਲਾਕਿਆਂ ‘ਚ ਚਲ ਰਹੇ ਸੁਧਾਰ ਘਰਾਂ ਦਾ ਇਕ ਵਾਰ ਦੌਰਾ ਕਰਕੇ ਉੱਥੋਂ ਦੀ ਜਾਂਚ ਕਰਨ, ਪਰ ਕਿਸੇ ਵੀ ਸੰਸਦ ਮੈਂਬਰ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਜਿੱਥੋਂ ਵੀ ਖ਼ਬਰ ਮਿਲਦੀ ਹੈ ਅਸੀਂ 24 ਘੰਟਿਆਂ ਦੇ ਅੰਦਰ ਉਸ ‘ਤੇ ਕਾਰਵਾਈ ਕਰਦੇ ਹਾਂ। ਸੁਧਾਰ ਘਰਾਂ ਦਾ ਦੌਰਾ ਕਰਨ ਲਈ ਉੱਥੇ ਗੈਰ ਸਰਕਾਰੀ ਸੰਗਠਨਾਂ ਨੂੰ ਭੇਜਦੇ ਹਾਂ, ਪਰ ਕਿਸੇ ਨੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਦਾ ਮਤਲਬ ਕਿਸੇ ਨੇ ਵੀ ਆਪਣਾ ਕੰਮ ਜ਼ਿੰਮੇਵਾਰੀ ਨਾਲ ਨਹੀਂ ਕੀਤਾ, ਬਸ ਖਾਨਾਪੂਰਤੀ ਕੀਤੀ ਹੈ।
ਭਾਜਪਾ ਸ਼ਾਸਿਤ ਰਾਜਾਂ ‘ਚ ਜੰਗਲ ਰਾਜ, ਦੇਵਰੀਆ ਕਾਂਡ ‘ਤੇ ਬੋਲੀ ਮਾਇਆਵਤੀ

ਲਖਨਊ, 6 ਅਗਸਤ (ਏਜੰਸੀਆਂ)-ਲਖਨਊ ਸਮਾਜਵਾਦੀ ਪਾਰਟੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਸੂਬੇ ਦੇ ਦੇਵਰੀਆ ਜ਼ਿਲ੍ਹੇ ਦੇ ਨਾਰੀ ਪਨਾਹਗਾਹ ‘ਚ ਔਰਤਾਂ ਨਾਲ ਜ਼ਬਰਦਸਤੀ ਦੇਹ ਵਪਾਰ ਦਾ ਘਿਨੌਣਾ ਕਾਂਡ ਸਾਬਤ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ‘ਚ ਕਿੰਨੀ ਜ਼ਿਆਦਾ ਅਰਾਜਕਤਾ ਹੈ ਅਤੇ ਔਰਤਾਂ ਦੀ ਕਿੰਨੀ ਜ਼ਿਆਦਾ ਦੁਰਦਸ਼ਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਡ ਪੂਰੇ ਦੇਸ਼ ਲਈ ਹੀ ਸ਼ਰਮ ਅਤੇ ਅਤਿ ਚਿੰਤਾਜਨਕ ਦੀ ਗੱਲ ਹੈ। ਮਾਇਆਵਤੀ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਭਾਜਪਾ ਸ਼ਾਸਿਤ ਰਾਜਾਂ ‘ਚ ਥੋੜ੍ਹਾ ਨਹੀਂ, ਬਲਕਿ ਪੂਰਾ ਜੰਗਲ ਰਾਜ ਹੈ। ਬਿਹਾਰ ਦੇ ਮੁਜ਼ੱਫ਼ਰਨਗਰ ਬਾਲ ਗ੍ਰਹਿ ਅਤੇ ਦੇਵਰੀਆ ਨਾਰੀ ਨਿਕੇਤਨ ਗ੍ਰਹਿ ‘ਚ ਜਿਨਸੀ ਸ਼ੋਸ਼ਣ ਦਾ ਧੰਦਾ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸ਼ਹਿ ਦੇ ਬਿਨਾਂ ਇਹ ਸਭ ਅਨਿਆਂ, ਅੱਤਿਆਚਾਰ ਅਤੇ ਘੋਰ ਪਾਪ ਸੰਭਵ ਹੀ ਨਹੀਂ ਹੈ।

Leave a Reply

Your email address will not be published. Required fields are marked *