ਸਾਰੇ ਦੇਸ਼ ਦੇ ਬਾਲ ਘਰਾਂ ਦੀ ਜਾਂਚ ਦੇ ਆਦੇਸ਼

Uncategorized

ਬਿਹਾਰ ਦੇ ਮੁਜ਼ੱਫਰਪੁਰ ਅਤੇ ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਬਾਲ ਘਰਾਂ ‘ਚ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਣ ‘ਤੇ ਹਰਕਤ ‘ਚ ਆਈ ਸਰਕਾਰ ਨੇ ਦੇਸ਼ ਭਰ ਦੇ ਬਾਲ ਘਰਾਂ ਦਾ ਆਡਿਟ ਕਰਨ ਦਾ ਆਦੇਸ਼ ਦਿੱਤਾ ਹੈ | ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਅਗਲੇ 60 ਦਿਨਾਂ ‘ਚ ਦੇਸ਼ ਭਰ ‘ਚ 9 ਹਜ਼ਾਰ ਤੋਂ ਵੱਧ ਬਾਲ ਘਰਾਂ ਦਾ ਆਡਿਟ ਕਰਨ ਲਈ ਕਿਹਾ ਹੈ | ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਕੁੱਲ 9,462 ਬਾਲ ਘਰ ਹਨ, ਜਿਸ ‘ਚ 7109 ਸਰਕਾਰ ਨਾਲ ਰਜਿਸਟਰਡ ਹਨ | ਇਨ੍ਹਾਂ ਬਾਲ ਘਰਾਂ ਨੂੰ ਚਲਾਉਣ ਲਈ ਜ਼ਿਆਦਾਤਰ ਰਕਮ ਸਰਕਾਰ ਵਲੋਂ ਐਨ.ਜੀ.ਓ. ਨੂੰ ਦਿੱਤੀ ਜਾਂਦੀ ਹੈ | ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਮੇਨਕਾ ਗਾਂਧੀ ਨੇ ਹਾਲਾਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਲਾਂ ਤੋਂ ਬਾਲ ਘਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਮੇਨਕਾ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਦੇਸ਼ ਭਰ ‘ਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ, ਜਿੱਥੋਂ ਅਜਿਹੀਆਂ ਖ਼ਬਰਾਂ ਆ ਸਕਦੀਆਂ ਹਨ | ਕੇਂਦਰੀ ਮੰਤਰੀ ਨੇ ਇਸ ਸਬੰਧ ‘ਚ ਸੰਸਦ ਮੈਂਬਰਾਂ ਦੀ ਭੂਮਿਕਾ ‘ਤੇ ਅਸੰਤੋਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਆਪਣੇ ਹਲਕੇ ਦੇ ਬਾਲ ਘਰਾਂ ਦਾ ਦੌਰਾ ਕਰ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਸੀ ਪਰ ਕਿਸੇ ਨੇ ਵੀ ਅਸਲ ਸੂਰਤੇ ਹਾਲ ਨਹੀਂ ਦੱਸੀ | ਮੰਤਰਾਲੇ ਨੇ ਬੱਚਿਆਂ ਦੇ ਹੱਕਾਂ ਦੀ ਰਾਖੀ ਬਾਰੇ ਰਾਸ਼ਟਰੀ ਕਮਿਸ਼ਨ ਨੂੰ ਇਹ ਆਡਿਟ ਕਰ ਕੇ ਦੋ ਮਹੀਨਿਆਂ ਅੰਦਰ ਇਸ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ | ਇਸ ਨਾਲ ਆਡਿਟ ‘ਚ ਐਨ.ਜੀ.ਓ. ਚਲਾਉਣ ਵਾਲੀ ਸੰਸਥਾ ਦਾ ਪਿਛੋਕੜ ਵੀ ਪਤਾ ਕਰਨ ਲਈ ਕਿਹਾ ਗਿਆ ਹੈ |

Leave a Reply

Your email address will not be published. Required fields are marked *