ਹਰਿਵੰਸ਼ ਬਣੇ ਰਾਜਸਭਾ ਦੇ ਉਪ ਸਭਾਪਤੀ

Uncategorized

ਰਾਜ ਸਭਾ ਦੇ ਉੱਪ ਸਭਾਪਤੀ ਦੇ ਅਹੁਦੇ ਲਈ ਹੋਈ ਵੋਟਿੰਗ ‘ਚ ਐਨ. ਡੀ. ਏ. ਦੇ ਉਮੀਦਵਾਰ ਹਰਿਵੰਸ਼ ਨਰਾਇਣ ਸਿੰਘ ਨੇ ਜਿੱਤ ਹਾਸਲ ਕਰ ਲਈ ਹੈ ਜਿਸ ਨਾਲ ਰਾਜ ਸਭਾ ਦੇ ਇਤਿਹਾਸ ‘ਚ ਦੂਜੀ ਵਾਰ ਇਹ ਕਮਾਨ ਕਿਸੇ ਗ਼ੈਰ-ਕਾਂਗਰਸੀ ਉਮੀਦਵਾਰ ਦੇ ਹੱਥ ਆਈ ਹੈ | ‘ਹਰੀ’ ਬਨਾਮ ‘ਹਰੀ’ ਦਰਮਿਆਨ ਹੋਏ ਇਸ ਚੋਣ ਮੁਕਾਬਲੇ ‘ਚ ਐਨ. ਡੀ. ਏ. ਦੇ ਉਮੀਦਵਾਰ ਹਰੀਵੰਸ਼ ਨਰਾਇਣ ਨੂੰ 125 ਵੋਟ ਮਿਲੇ ਜਦ ਕਿ ਵਿਰੋਧੀ ਧਿਰ ਦੇ ਉਮੀਦਵਾਰ ਹਰੀਪ੍ਰਸਾਦ ਨੂੰ 105 ਵੋਟ ਹਾਸਲ ਹੋਏ | ਐਨ. ਡੀ. ਏ. ਦੀ ਇਸ ਜਿੱਤ ‘ਚ ਬਾਗੀ ਸੁਰਾਂ ਵਾਲੇ ਗਠਜੋੜ ਭਾਈਵਾਲ ਸ਼ਿਵ ਸੈਨਾ ਦਾ ਸਾਥ ਤਾਂ ਮਿਲਿਆ ਹੀ, ਪਰ ਇਸ ‘ਚ ਅਹਿਮ ਭੂਮਿਕਾ ਅੱਨਾ ਡੀ. ਐਮ. ਕੇ. ਅਤੇ ਬੀਜੂ ਜਨਤਾ ਦਲ ਦੀ ਰਹੀ, ਜਿਸ ਦੀਆਂ 13 ਅਤੇ 9 ਵੋਟਾਂ ਨੇ ਐਨ. ਡੀ. ਏ. ਦੀ ਇਸ ‘ਸੰਭਾਵਿਤ’ ਜਿੱਤ ਨੂੰ ‘ਆਸਾਨ’ ਜਿੱਤ ‘ਚ ਬਦਲ ਦਿੱਤਾ | ਅੱਨਾ ਡੀ. ਐਮ. ਕੇ. ਅਤੇ ਬੀਜੂ ਜਨਤਾ ਦਲ ਦੀ ਹਮਾਇਤ ਹਾਸਲ ਕਰਨ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਕੀਤੇ ਟੈਲੀਫ਼ੋਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੋਨ ਦੀ ਵੱਡੀ ਭੂਮਿਕਾ ਰਹੀ | ਦੂਜੇ ਪਾਸੇ 110 ਤੋਂ 114 ਵੋਟ ਹਾਸਲ ਕਰਨ ਦਾ ਦਾਅਵਾ ਕਰਨ ਵਾਲੀ ਯੂ. ਪੀ. ਏ. ਨੂੰ ਸੰਭਾਵਿਤ ਵੋਟਾਂ ਤੋਂ ਘੱਟ ਵੋਟ ਮਿਲਣ ‘ਚ 5 ਸੰਸਦ ਮੈਂਬਰਾਂ ਦੀ ਗ਼ੈਰਹਾਜ਼ਰੀ ਡੀ. ਐਮ. ਕੇ. ਦੇ 2, ਤਿ੍ਣਮੂਲ ਕਾਂਗਰਸ (1) ਅਤੇ ਵਾਈ ਆਰ. ਐਸ. ਕਾਂਗਰਸ ਦੇ (2) (ਸੰਸਦ ਮੈਂਬਰਾਂ) ਅਤੇ ਆਮ ਆਦਮੀ ਪਾਰਟੀ ਦਾ ਵੋਟਿੰਗ ‘ਚ ਸ਼ਾਮਿਲ ਨਾ ਹੋਣ ਨੇ ਆਪੋ ਆਪਣਾ ਅਸਰ ਵਿਖਾਇਆ | 244 ਮੈਂਬਰੀ ਰਾਜ ਸਭਾ ‘ਚ ਜਿੱਤ ਹਾਸਲ ਕਰਨ ਲਈ 123 ਦਾ ਅੰਕੜਾ ਲੋੜੀਂਦਾ ਸੀ ਪਰ ਗ਼ੈਰਹਾਜ਼ਰੀ ਕਾਰਨ ਇਹ ਅੰਕੜਾ 119 ਪਹੁੰਚ ਗਿਆ | ਵਿਰੋਧੀ ਧਿਰ ਨੂੰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਐਮ. ਸੀ. ਪੀ., ਡੀ. ਐਮ. ਕੇ., ਤਿ੍ਣਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦਾ ਸਮਰਥਨ ਹਾਸਲ ਸੀ | ਇਸ ਤੋਂ ਇਲਾਵਾ ਹਾਲ ‘ਚ ਐਨ. ਡੀ. ਏ. ਗਠਜੋੜ ਤੋਂ ਵੱਖ ਹੋਈ ਟੀ. ਡੀ. ਪੀ. ਦਾ ਸਮਰਥਨ ਵੀ ਵਿਰੋਧੀ ਧਿਰ ਨੂੰ ਹਾਸਲ ਹੋਇਆ |

Leave a Reply

Your email address will not be published. Required fields are marked *