3 ਲੱਖ ਲੋਕ ਹੋਏ ਬੇਘਰ,85 ਸਾਲ ਬਾਅਦ ਅਮਰੀਕਾ ‘ਚ ਅਜਿਹੀ ਤਬਾਹੀ !

Uncategorized

ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ (ਕੈਂਪ ਫਾਇਰ) ਭਿਆਨਕ ਰੂਪ ਧਾਰ ਚੁੱਕੀ ਹੈ ਅਤੇ ਹੁਣ ਤਕ ਇਸ ਦੀ ਲਪੇਟ ‘ਚ ਆ ਕੇ 44 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਜੇ ਵੀ ਲਗਭਗ 200 ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਲਫੋਰਨੀਆ ‘ਚੋਂ ਹੋਰ 13 ਲਾਸ਼ਾਂ ਮਿਲੀਆਂ ਹਨ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ। ਕੈਲੀਫੋਰਨੀਆ ਦੇ ਇਤਿਹਾਸ ‘ਚ ਪਹਿਲੀ ਵਾਰ ਜੰਗਲੀ ਅੱਗ ਕਾਰਨ ਇੰਨੇ ਲੋਕਾਂ ਦੀ ਮੌਤ ਹੋਈ ਹੈ। ਝੁਲਸੇ ਹੋਏ ਵਾਹਨ ਅਤੇ ਘਰ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਇਹ ਜੰਗਲੀ ਅੱਗ ਆਪਣੀ ਬੁੱਕਲ ‘ਚ ਕਿੰਨਾ ਕੁਝ ਲੈ ਗਈ ਹੈ ਅਤੇ ਹਰ ਪਾਸੇ ਬਰਬਾਦੀ ਦੀ ਦਾਸਤਾਨ ਲਿਖ ਗਈ ਹੈ। ਹੁਣ ਤਕ 3 ਲੱਖ ਲੋਕ ਆਪਣੇ ਘਰ ਛੱਡ ਕੇ ਬੇਘਰ ਹੋ ਗਏ ਹਨ, ਇਨ੍ਹਾਂ ‘ਚ ਕਈ ਹਾਲੀਵੁੱਡ ਹਸਤੀਆਂ ਵੀ ਸ਼ਾਮਲ ਹਨ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੈਰਾਡਾਈਜ਼ ਕਸਬੇ ‘ਚ ਘੱਟ ਤੋਂ ਘੱਟ 6400 ਘਰ ਸੜ ਕੇ ਸੁਆਹ ਹੋ ਗਏ ਅਤੇ ਨਕਸ਼ੇ ਤੋਂ ਇਸ ਦਾ ਨਾਂ ਮਿਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜੰਗਲੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਖੁਸ਼ਕ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਇਹ ਵਧ ਰਹੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਜ਼ਿਕਰਯੋਗ ਹੈ ਕਿ 85 ਸਾਲ ਪਹਿਲਾਂ ਸਾਲ 1933 ‘ਚ ਲਾਸ ਏਂਜਲਸ ਦੇ ਗ੍ਰਿਫਿਥ ਪਾਰਕ ‘ਚ ਲੱਗੀ ਜੰਗਲੀ ਅੱਗ ਕਾਰਨ 29 ਲੋਕਾਂ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਹੁਣ ਇੰਨੀ ਵੱਡੀ ਗਿਣਤੀ ‘ਚ ਮੌਤਾਂ ਹੋਈਆਂ ਹਨ। ਹਾਲਾਂਕਿ ਇੱਥੇ ਹਰ ਸਾਲ ਜੰਗਲੀ ਅੱਗ ਲੱਗਦੀ ਰਹੀ ਹੈ ਪਰ ਇਸ ਕਾਰਨ ਘੱਟ ਨੁਕਸਾਨ ਹੁੰਦਾ ਰਿਹਾ ਹੈ। ਇਸ ਵਾਰ ਜੋ ਨੁਕਸਾਨ ਹੋਇਆ ਹੈ, ਲੋਕ ਇਸ ਨੂੰ ਉਮਰਾਂ ਤਕ ਭੁਲਾ ਨਹੀਂ ਸਕਣਗੇ।ਬਹੁਤ ਸਾਰੇ ਲੋਕਾਂ ਨੇ ਪ੍ਰਭਾਵਿਤ ਇਲਾਕਿਆਂ ‘ਚੋਂ ਪਾਲਤੂ ਕੁੱਤੇ, ਬਿੱਲੀਆਂ ਤੇ ਹੋਰ ਜਾਨਵਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਆ ਕੇ ਰੱਖਿਆ ਹੈ ਅਤੇ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਤਕ ਇਨ੍ਹਾਂ ਦੀਆਂ ਤਸਵੀਰਾਂ ਭੇਜ ਰਹੇ ਹਨ ਤਾਂ ਕਿ ਇਨ੍ਹਾਂ ਦੇ ਮਾਲਕ ਇਨ੍ਹਾਂ ਦੀ ਪਛਾਣ ਕਰ ਸਕਣ।
ਰਿਹਾਇਸ਼ੀ ਇਲਾਕਿਆਂ ‘ਚ ਅੱਗ ਫੈਲਣ ਕਾਰਨ ਲੋਕ ਘਰਾਂ ਨੂੰ ਛੱਡ ਕੇ ਚਲੇ ਗਏ ਸਨ ਅਤੇ ਕਈਆਂ ਦੇ ਪਾਲਤੂ ਜਾਨਵਰ ਉੱਥੇ ਹੀ ਰਹਿ ਗਏ ਸਨ। ਬਹੁਤ ਸਾਰੇ ਲੋਕਾਂ ਨੇ ਘੋੜੇ, ਬਿੱਲੀਆਂ, ਕੁੱਤੇ ਅਤੇ ਹੋਰ ਜਾਨਵਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਮਾਲਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਚਿੰਤਾ ਨਾ ਕਰਨ ਉਨ੍ਹਾਂ ਦੇ ਜਾਨਵਰ ਸੁਰੱਖਿਅਤ ਹਨ।
ਕੈਲੀਫੋਰਨੀਆ ਇਸ ਸਮੇਂ ਬਹੁਤ ਬੁਰੇ ਹਾਲਾਤਾਂ ‘ਚੋਂ ਗੁਜ਼ਰ ਰਿਹਾ ਹੈ ਅਤੇ ਵਧ ਰਹੀ ਅੱਗ ਲੋਕਾਂ ਦੇ ਡਰ ਨੂੰ ਹੋਰ ਵਧਾ ਰਹੀ ਹੈ।

Leave a Reply

Your email address will not be published. Required fields are marked *