75 ਹਜ਼ਾਰ ਕਰੋੜ ਦੀ ਯੋਜਨਾ ਹੋਈ ਲਾਂਚ,ਕਿਸਾਨਾਂ ਨੂੰ ਮੋਦੀ ਦਾ ਤੋਹਫਾ

Agriculture

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ 75,000 ਕਰੋੜ ਰੁਪਏ ਦੀ ਪੀ. ਐੱਮ. ਕਿਸਾਨ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਦੇਣ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ਦੀ ਪਹਿਲੀ ਕਿਸ਼ਤ (2,000 ਰੁਪਏ) ਕਿਸਾਨਾਂ ਨੂੰ ਡਿਜੀਟਲੀ ਟਰਾਂਸਫਰ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚਿੰਗ ਦੇ ਪਹਿਲੇ ਹੀ ਦਿਨ 1 ਕਰੋੜ 1 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਇਸ ਯੋਜਨਾ ਦੀ ਪਹਿਲੀ ਕਿਸ਼ਤ ਦੇ ਤੌਰ ‘ਤੇ 2,021 ਕਰੋੜ ਰੁਪਏ ਟਰਾਂਸਫਰ ਕੀਤੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ‘ਚ ਜੋ ਪੈਸੇ ਕਿਸਾਨਾਂ ਨੂੰ ਦਿੱਤੇ ਜਾਣਗੇ ਉਨ੍ਹਾਂ ਦੀ ਪਾਈ-ਪਾਈ ਕੇਂਦਰ ‘ਚ ਬੈਠੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਨ੍ਹਾਂ ‘ਚ ਸੂਬਾ ਸਰਕਾਰਾਂ ਨੂੰ ਕੁਝ ਨਹੀਂ ਕਰਨਾ ਹੈ, ਉਨ੍ਹਾਂ ਦਾ ਕੰਮ ਸਿਰਫ ਇਮਾਨਦਾਰੀ ਨਾਲ ਕਿਸਾਨਾਂ ਦੀ ਸੂਚੀ ਬਣਾ ਕੇ ਦੇਣਾ ਹੈ।

12 ਕਰੋੜ ਕਿਸਾਨਾਂ ਨੂੰ ਹਰ ਸਾਲ ਮਿਲਣਗੇ 6 ਹਜ਼ਾਰ ਰੁਪਏ

ਸਰਕਾਰ ਨੇ ਅੰਤਰਿਮ ਬਜਟ 2019-20 ‘ਚ ਕਿਸਾਨਾਂ ਲਈ ਗਾਰੰਟੀ ਇਨਕਮ ਸਕੀਮ ‘ਪੀ. ਐੱਮ. ਕਿਸਾਨ’ ਯੋਜਨਾ ਦੀ ਘੋਸ਼ਣਾ ਕੀਤੀ ਸੀ। ਇਸ ਤਹਿਤ ਛੋਟੇ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਤਕ ਦੀ ਰਾਸ਼ੀ ਸਿੱਧੇ ਬੈਂਕ ਖਾਤੇ ‘ਚ ਦਿੱਤੀ ਜਾਵੇਗੀ। ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰੀ ਪੱਧਰ ‘ਤੇ ਕਿਸਾਨਾਂ ਨੂੰ ਇਕ ਨਿਸ਼ਚਿਤ ਰਾਸ਼ੀ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। 5 ਏਕੜ ਤੋਂ ਘੱਟ ਜ਼ਮੀਨ ਵਾਲੇ ਛੋਟੇ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲੇਗਾ।

ਕਿਸਾਨਾਂ ਨੂੰ ਹਰ ਸਾਲ 2,000-2,000 ਰੁਪਏ ਕਰਕੇ ਤਿੰਨ ਕਿਸ਼ਤਾਂ ‘ਚ ਇਹ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ। ਇਸ ਨਾਲ 12 ਕਰੋੜ ਤੋਂ ਵੱਧ ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਹਾਲਾਂਕਿ ਰਾਜਾਂ ਵੱਲੋਂ ਕਿਸਾਨਾਂ ਦਾ ਪੂਰਾ ਡਾਟਾ ਨਾ ਮਿਲਣ ਕਾਰਨ ਪਹਿਲੀ ਕਿਸ਼ਤ ‘ਚ ਕੁਝ ਕਿਸਾਨ ਛੁੱਟ ਵੀ ਸਕਦੇ ਹਨ ਪਰ ਇਨ੍ਹਾਂ ਨੂੰ ਵੀ ਜਲਦ ਹੀ ਯੋਜਨਾ ‘ਚ ਸ਼ਾਮਲ ਕੀਤਾ ਜਾਵੇਗਾ। ਵਿੱਤੀ ਸਾਲ 2019-20 ਲਈ ਸਰਕਾਰ ਨੇ ਪੀ. ਐੱਮ. ਕਿਸਾਨ ਯੋਜਨਾ ਲਈ 75,000 ਕਰੋੜ ਰੁਪਏ ਖਰਚ ਕਰਨ ਦੀ ਵਿਵਸਥਾ ਕੀਤੀ ਹੈ। ਕਿਸਾਨਾਂ ਨੂੰ ਖਾਦਾਂ ਜਾਂ ਲੋਨ ‘ਤੇ ਮਿਲਣ ਵਾਲੀ ਸਬਸਿਡੀ ਵੀ ਜਾਰੀ ਰੱਖੀ ਗਈ ਹੈ।