25 ਫਰਵਰੀ ਤੋਂ ਬਾਅਦ ਲਾਭਪਾਤਰ ਦੇਖ ਸਕਣਗੇ ਆਪਣਾ ਨਾਂ ,PM-ਕਿਸਾਨ ਪੋਰਟਲ ਲਾਂਚ !

Agriculture

ਸੂਬਿਆਂ ਤੋਂ ਪੀ.ਐਮ.-ਕਿਸਾਨ ਯੋਜਨਾ ਦੇ ਲਾਭਪਾਤਰਾਂ ਦੀ ਸੂਚੀ 15 ਦਿਨਾਂ ‘ਚ ਮਿਲ ਜਾਣ ਦਾ ਭਰੋਸਾ ਲੈ ਕੇ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇਸ ਦਾ ਪੋਰਟਲ ਲਾਂਚ ਕਰ ਦਿੱਤਾ। http://pmkisan.nic.in  ‘ਤੇ ਯੋਜਨਾ ਨਾਲ ਜੁੜੇ ਸਾਰੇ ਨਿਯਮ ਦਿੱਤੇ ਗਏ ਹਨ। ਇਥੇ ਦੱਸਿਆ ਗਿਆ ਹੈ ਕਿ ਕਿਹੜੇ ਕਿਸਾਨ ਯੋਜਨਾ ਦੇ ਦਾਇਰੇ ਵਿਚ ਆਉਣਗੇ ਅਤੇ ਕਿਹੜੇ ਨਹੀਂ। ਇਸ ਦੇ ਨਾਲ ਹੀ ਇਸ ਪੋਰਟਲ ਵਿਚ ਯੋਜਨਾ ਲਾਗੂ ਕਰਨ ‘ਚ ਵੱਖ-ਵੱਖ ਏਜੰਸੀਆਂ ਦੀ ਭੂਮਿਕਾਵਾਂ ਵੀ ਦੱਸੀਆਂ ਗਈਆਂ ਹਨ।

ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਦੇ ਖਾਤੇ ਵਿਚ ਸਹਾਇਤਾ ਰਾਸ਼ੀ ਦੀ ਪਹਿਲੀ ਕਿਸ਼ਤ ਦੇ ਰੂਪ ਵਿਚ 2-2 ਹਜ਼ਾਰ ਰੁਪਏ 31 ਮਾਰਚ ਤੱਕ ਪਹੁੰਚ ਜਾਣ। ਇਸ ਲਈ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਲਾਭਪਾਤਰੀਆਂ ਦੀ ਸੂਚੀ ਇਸ ਪੋਰਟਲ ‘ਤੇ 25 ਫਰਵਰੀ ਤੱਕ ਅਪਲੋਡ ਕਰ ਦੇਣ। ਜੇਕਰ ਸੂਬਿਆਂ ਨੇ 25 ਫਰਵਰੀ ਤੱਕ ਲਾਭਪਾਤਰੀਆਂ ਦੀ ਸੂਚੀ ਪੋਰਟਲ ‘ਤੇ ਪਾ ਦਿੱਤੀ ਤਾਂ ਕਿਸਾਨ ਇਥੇ ਆਪਣਾ ਨਾਮ ਦੇਖ ਸਕਣਗੇ ਅਤੇ ਪਤਾ ਲਗਾ ਸਕਣਗੇ ਕਿ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇਗਾ ਜਾਂ ਨਹੀਂ।

ਇਕ ਅਧਿਕਾਰੀ ਨੇ ਦੱਸਿਆ,’ ਹਾਲਾਂਕਿ ਸਾਡੇ ਕੋਲ ਯੋਜਨਾ ਦੇ ਹੱਕਦਾਰ ਕਿਸਾਨਾਂ ਦੇ ਖਾਤੇ ਵਿਚ 2-2 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ 31 ਮਾਰਚ ਤੱਕ ਦਾ ਸਮਾਂ ਦਿੱਤਾ ਹੈ ਪਰ ਇਸ ਨੂੰ ਟਰਾਂਸਫਰ ਕਰਨ ਦੀ ਪ੍ਰਕਿਰਿਆ 28 ਫਰਵਰੀ ਤੋਂ ਹੀ ਸ਼ੁਰੂ ਕਰਨਾ ਚਾਹੁੰਦੇ ਹਾਂ।’ ਇਸ ਤਰ੍ਹਾਂ ਇਸ ਨੂੰ ਪਹਿਲਾਂ ਤੋਂ ਜਾਰੀ ਕੰਮ ਮੰਨਿਆ ਜਾਵੇਗਾ ਅਤੇ ਚੋਣ ਕਮਿਸ਼ਨ ਦੇ ਚੋਣ ਜ਼ਾਬਤਾ ਦਾ ਉਲੰਘਣ ਨਹੀਂ ਮੰਨਿਆ ਜਾਵੇਗਾ। ਚੋਣ ਕਮਿਸ਼ਨ ਮਾਰਚ ਦੇ ਪਹਿਲੇ ਹਫਤੇ ਆਮ ਚੋਣਾਂ ਦੀ ਤਾਰੀਖ ਦਾ ਐਲਾਨ ਕਰ ਸਕਦਾ ਹੈ।