ਲਗਭਗ 6000 ਕਰੋੜ ਦੀ ਨਿਕਾਸੀ ਕੀਤੀ ਵਿਦੇਸ਼ੀ ਨਿਵੇਸ਼ਕਾਂ ਨੇ ਜਨਵਰੀ ’ਚ !

Business

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਘਰੇਲੂ ਸ਼ੇਅਰ ਬਾਜ਼ਾਰ ਤੋਂ ਜਨਵਰੀ ਵਿਚ ਲਗਭਗ 6000 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਵੀ ਐੱਫ. ਪੀ. ਆਈ. ਦੀ ਨਿਕਾਸੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਨਵੰਬਰ ਅਤੇ ਦਸੰਬਰ ਮਹੀਨੇ ਵਿਚ ਐੱਫ. ਪੀ. ਆਈ. ਨੇ ਘਰੇਲੂ ਸ਼ੇਅਰ ਬਾਜ਼ਾਰ ’ਚ 8584 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ ਅਕਤੂਬਰ ਵਿਚ ਉਨ੍ਹਾਂ ਨੇ 28,900 ਕਰੋੜ ਰੁਪਏ ਦੀ ਭਾਰੀ-ਭਰਕਮ ਨਿਕਾਸੀ ਕੀਤੀ ਸੀ।

ਉਪਲੱਬਧ ਅੰਕੜਿਆਂ ਅਨੁਸਾਰ ਐੱਫ. ਪੀ. ਆਈ. ਨੇ 1 ਜਨਵਰੀ ਤੋਂ 25 ਜਨਵਰੀ ਤੱਕ ਸ਼ੇਅਰ ਬਾਜ਼ਾਰ ਤੋਂ 5880 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਹਾਲਾਂਕਿ ਇਸ ਮਿਆਦ ਦੌਰਾਨ ਉਨ੍ਹਾਂ ਨੇ ਬਾਂਡ ਬਾਜ਼ਾਰ ’ਚ 163 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜਯੋਜੀਤ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ਦੇ ਜਾਂਚ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ ਕਿ ਕੌਮਾਂਤਰੀ ਮੁਸ਼ਕਿਲਾਂ ਅਤੇ ਆਉਣ ਵਾਲੀਆਂ ਆਮ ਚੋਣਾਂ ਨੂੰ ਲੈ ਕੇ ਨਿਵੇਸ਼ਕ ਸਾਵਧਾਨੀ ਵਰਤ ਰਹੇ ਹਨ।
ਮਾਰਨਿੰਗਸਟਾਰ ਇਨਵੈਸਟਮੈਂਟ ਐਡਵਾਈਜ਼ਰ ਇੰਡੀਆ ਦੇ ਸੀਨੀ. ਵਿਸ਼ਲੇਸ਼ਕ ਪ੍ਰਬੰਧਕ (ਜਾਂਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਐੱਫ. ਪੀ. ਆਈ. ਨਿਵੇਸ਼ ਦੇ ਮਾਮਲੇ ਵਿਚ ਇਹ ਸਾਲ ਦੀ ਚੰਗੀ ਸ਼ੁਰੂਆਤ ਨਹੀਂ ਹੈ। ਸਪੱਸ਼ਟ ਹੈ ਕਿ ਉਹ ਭਾਰਤ ਦੇ ਸਬੰਧ ’ਚ ਸਾਵਧਾਨੀ ਦੇ ਨਾਲ ਇੰਤਜ਼ਾਰ ਕਰਨ ਅਤੇ ਵੇਖਣ ਦੀ ਰਣਨੀਤੀ ਅਪਣਾ ਰਹੇ ਹਨ। ਉਹ ਲੰਮੇ ਸਮੇਂ ਤੋਂ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਦਾ ਧਿਆਨ ਆਮ ਬਜਟ, ਆਰਥਿਕ ਤਰੱਕੀ ਅਤੇ ਆਮ ਚੋਣਾਂ ’ਤੇ ਰਹੇਗਾ।