5 ਸਾਲ ਪਹਿਲਾਂ ਐਲਾਨੇ ਸੀ ਮ੍ਰਿਤਕ ‘ਆਸ਼ੂਤੋਸ਼ ਮਹਾਰਾਜ’ !

Uncategorized

ਨੂਰਮਹਿਲ ਡੇਰੇ ਦੇ ਮੁਖੀ ਅਤੇ ‘ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ’ ਦੇ ਸੰਤ ਆਸ਼ੂਤੋਸ਼ ਮਹਾਰਾਜ ਨੂੰ ਡਾਕਟਰਾਂ ਵਲੋਂ ‘ਕਲੀਨਿਕਲੀ ਡੈੱਡ’ ਐਲਾਨਿਆਂ 5 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਉਨ੍ਹਾਂ ਦੇ ਸ਼ਰਧਾਲੂਆਂ ਨੇ 22 ਡਿਗਰੀ ਸੈਲਸੀਅਸ ਦੇ ਤਾਪਮਾਨ ‘ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫਰਿੱਜ਼ਰ ‘ਚ ਰੱਖਿਆ ਹੋਇਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ 3 ਡਾਕਟਰਾਂ ਦਾ ਪੈਨਲ ਹਰ 6 ਮਹੀਨੇ ‘ਚ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਦਾ ਨਿਰੀਖਣ ਕਰਦਾ ਹੈ ਕਿ ਉਨ੍ਹਾਂ ਦੀ ਦੇਹ ਕਿਤੇ ਖਰਾਬ ਤਾਂ ਨਹੀਂ ਹੋ ਰਹੀ। ਡਾਕਟਰਾਂ ਦੇ ਇਸ ਪੈਨਲ ਨੇ ਹਾਲ ‘ਚ ਦਸੰਬਰ, 2018 ‘ਚ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਨਿਰੀਖਣ ਕੀਤਾ ਸੀ। ਇਸ ਪੈਨਲ ‘ਚ ਦਇਆਨੰਦ ਮੈਡੀਕਲ ਕਾਲਜ ਦੇ ਡਾਕਟਰ ਅਜੇ ਗੋਇਲ, ਫਾਰੈਂਸਿਕ ਮੈਡੀਸੀਨ ਵਿਭਾਗ ਦੇ ਡਾ. ਗੌਤਮ ਵਿਸ਼ਵਾਸ ਅਤੇ ਜਲੰਧਰ ਦੇ ਸਿਵਲ ਸਰਜਨ ਸ਼ਾਮਲ ਹਨ। ਇਸ ਤੋਂ ਇਲਾਵਾ ਸੰਸਥਾਨ ਨੇ ਵੀ ਆਪਣੇ ਪੱਧਰ ‘ਤੇ ਡਾਕਟਰਾਂ ਦੀ ਇਕ ਟੀਮ ਬਣਾਈ ਹੈ, ਜਿਸ ‘ਚ ਦਿੱਲੀ ਦੇ ਕੁਝ ਮਾਹਿਰ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਟੀਮ ਹਰ ਚਾਰ ਰਾਤਾਂ ‘ਚ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਦਾ ਚੈੱਕਅਪ ਕਰਦੀ ਹੈ।

ਆਸ਼ੂਤੋਸ਼ ਮਹਾਰਾਜ ਨੂੰ 28 ਜਨਵਰੀ, 2014 ਨੂੰ ਸੀਨੇ ‘ਚ ਦਰਦ ਦੀ ਸ਼ਿਕਾਇਤ ਹੋਈ ਸੀ। ਇਸ ਤੋਂ ਬਾਅਦ ਲੁਧਿਆਣਾ ਦੇ ਹਸਪਤਾਲ ‘ਚੋਂ ਐਂਬੂਲੈਂਸ ਬੁਲਾਈ ਗਈ। ਡਾਕਟਰਾਂ ਨੇ ਜਦੋਂ ਆਸ਼ੂਤੋਸ਼ ਮਹਾਰਾਜ ਨੂੰ ਦੇਖਿਆ ਤਾਂ ਉਨ੍ਹਾਂ ਨੂੰ ‘ਕਲੀਨਿਕਲੀ ਡੈੱਡ’ ਕਰਾਰ ਦਿੱਤਾ ਸੀ।

ਆਸ਼ੂਤੋਸ਼ ਮਹਾਰਾਜ ਦਾ ਅਸਲੀ ਨਾਂ ਮਹੇਸ਼ ਝਾਅ ਹੈ। ਉਨ੍ਹਾਂ ਦਾ ਜਨਮ 1946 ‘ਚ ਬਿਹਾਰ ਦੇ ਦਰਭੰਗ ‘ਚ ਨਖਲੋਰ ਪਿੰਡ ‘ਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ 18 ਮਹੀਨਿਆਂ ਬਾਅਦ ਹੀ ਉਨ੍ਹਾਂ ਨੇ ਆਪਣੀ ਪਤਨੀ ਤੇ ਇਕ ਬੱਚੇ ਨੂੰ ਛੱਡ ਕੇ ਸਤਪਾਲ ਮਹਾਰਾਜ ਤੋਂ ਦੀਕਸ਼ਾ ਲੈ ਲਈ ਸੀ। ਸਤਪਾਲ ਮਹਾਰਾਜ ‘ਮਾਨਵ ਉਥਾਨ ਸੇਵਾ ਕਮੇਟੀ’ ਦੇ ਸੰਸਥਾਪਕ ਹਨ। 1983 ‘ਚ ਆਸ਼ੂਤੋਸ਼ ਮਹਾਰਾਜ ਨੇ ਆਪਣਾ ਇਕ ਵੱਖਰਾ ਆਸ਼ਰਮ ਸ਼ੁਰੂ ਕਰ ਦਿੱਤਾ ਸੀ। ਅੱਜ ਉਨ੍ਹਾਂ ਦਾ ਆਸ਼ਰਮ ਜਲੰਧਰ ‘ਚ ਕਰੀਬ 40 ਏਕੜ ਤੋਂ ਜ਼ਿਆਦਾ ਜ਼ਮੀਨ ‘ਤੇ ਫੈਲਿਆ ਹੋਇਆ ਹੈ ਅਤੇ ਦੇਸ਼ ਭਰ ‘ਚ ਉਨ੍ਹਾਂ ਦੇ 100 ਕੇਂਦਰ ਮੌਜੂਦ ਹਨ। ਉਨ੍ਹਾਂ ਨੇ ‘ਦਿੱਵਿਆ ਜਯੋਤੀ ਜਾਗ੍ਰਿਤੀ’ ਕਮੇਟੀ ਦੀ ਸਥਾਪਨਾ 1991 ‘ਚ ਕੀਤੀ ਸੀ ਅਤੇ ਇਸ ਦਾ ਮੁੱਖ ਦਫਤਰ ਦਿੱਲੀ ਨੂੰ ਬਣਾਇਆ ਸੀ।