CBI ਦਾ ਲੁੱਕਆਊਟ ਸਰਕੂਲਰ ਜਾਰੀ ਚੰਦਾ ਕੋਚਰ ਖਿਲਾਫ !

Business

ਸੀ.ਬੀ.ਆਈ. ਨੇ ICICI ਬੈਂਕ ਦੀ ਸਾਬਕਾ CEO ਚੰਦਾ ਕੋਚਰ, ਉਨ੍ਹਾਂ ਦੇ ਪਤੀ ਦੀਪਕ ਕੋਚਰ ਅਤੇ ਵੀਡੀਓਕਾਨ ਦੇ ਮੈਨੇਜਿੰਗ ਡਾਇਰੈਕਟਰ ਵੇਨੁਗੋਪਾਲ ਧੂਤ ਦੇ ਖਿਲਾਫ ਲੁੱਕਆਊਟ ਸਰਕੂਲਰ(LOC) ਜਾਰੀ ਕੀਤਾ ਹੈ। ਪਿਛਲੇ ਮਹੀਨੇ ਜਾਂਚ ਏਜੰਸੀ ਨੇ ਸਾਲ 2009 ਤੋਂ 2011 ਵਿਚਕਾਰ ਵੀਡੀਓਕਾਨ ਗਰੁੱਪ ਨੂੰ ਬੈਂਕ ਤੋਂ 1,875 ਕਰੋੜ ਦੇ 6 ਲੋਨ ਜਾਰੀ ਕਰਨ ‘ਚ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਦੇ ਸਿਲਸਿਲੇ ‘ਚ ਉਨ੍ਹਾਂ ਦੇ ਖਿਲਾਫ FIR ਦਰਜ ਕੀਤੀ ਸੀ। ਲੁੱਕਆਊਟ ਸਰਕੂਲਰ ਜਾਰੀ ਹੋਣ ਦੇ ਬਾਅਦ ਤਿੰਨੋਂ ਦੇਸ਼ ਚੋਂ ਬਾਹਰ ਨਹੀਂ ਜਾ ਸਕਣਗੇ।ਅਧਿਕਾਰੀ ਅਨੁਸਾਰ,’ਸੀ.ਬੀ.ਆਈ. ਦੇ ਪਿਛਲੇ ਸਾਲ ਪ੍ਰੀਲਿਮਨਰੀ ਇੰਕੁਆਇਰੀ ਦੀ ਰਿਪੋਰਟ ਫਾਈਲ ਕਰਨ ਦੇ ਬਾਅਦ ਦੀਪਕ ਕੋਚਰ ਅਤੇ ਵੇਨੁਗੋਪਾਲ ਧੂਤ ਦੇ ਖਿਲਾਫ ਸਾਰੇ ਏਅਰਪੋਰਟ ਨੂੰ ਲੁੱਕਆਊਟ ਸਰਕੂਲਰ ਦੀ ਜਾਣਕਾਰੀ ਦੇ ਦਿੱਤੀ ਗਈ ਸੀ। ਹੁਣ ਇਸ ਨੂੰ ਫਿਰ ਤੋਂ ਰਿਵਾਇਵ ਕੀਤਾ ਗਿਆ ਹੈ। ਹਾਲਾਂਕਿ ICICI ਬੈਂਕ ਦੀ ਸਾਬਕਾ ਚੀਫ ਦੇ ਖਿਲਾਫ ਪਹਿਲੀ ਵਾਰ LOC ਜਾਰੀ ਕੀਤਾ ਗਿਆ ਹੈ। ਸੀ.ਬੀ.ਆਈ. ਵਲੋਂ 22 ਜਨਵਰੀ ਨੂੰ ਦਰਜ FIR ਵਿਚ ਉਨ੍ਹਾਂ ਦਾ ਨਾਮ ਦਰਜ ਸੀ, ਇਸ ਲਈ ਉਨ੍ਹਾਂ ਨੂੰ ਵੀ ਇਸ ਦਾਇਰੇ ਵਿਚ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਮਨੀ ਲਾਂਡਰਿੰਗ ਦੇ ਕੇਸ ਵਿਚ ਚੰਦਾ ਕੋਚਰ ਅਤੇ ਦੀਪਕ ਕੋਚਰ ਨੂੰ ਪੁੱਛਗਿੱਛ ਲਈ ਜਲਦੀ ਹੀ ਬੁਲਾ ਸਕਦਾ ਹੈ। ਇਹ ਜਾਣਕਾਰੀ ਇਸ ਮਾਮਲੇ ਦੇ ਜਾਣਕਾਰ ਸੂਤਰਾਂ ਨੇ ਦਿੱਤੀ ਹੈ। ਈ.ਡੀ. ਦੀਪਕ ਕੋਚਰ ਕੋਲੋਂ ਉਨ੍ਹਾਂ ਦੀਆਂ ਕੰਪਨੀਆਂ ਦੇ ਵੀਡੀਓਕਾਨ ਗਰੁੱਪ ਦੇ ਚੇਅਰਮੈਨ ਵੇਨੁਗੋਪਾਲ ਧੂਤ ਨਾਲ ਰਿਸ਼ਤੇ ਬਾਰੇ ਪੁੱਛਗਿੱਛ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਚੰਦਾ ਕੋਚਰ ਕੋਲੋਂ ICICI ਬੈਂਕ ਵਲੋਂ ਵੀਡੀਓਕਾਨ ਗਰੁੱਪ ਨੂੰ ਦਿੱਤੇ ਗਏ ਲੋਨ ਦੇ ਬਾਰੇ ‘ਚ ਸਵਾਲ-ਜਵਾਬ ਕਰ ਸਕਦਾ ਹੈ। ਜਾਂਚ ਏਜੰਸੀ ਕੋਚਰ ਜੋੜੇ ਦੀ ਜਾਇਦਾਦ ਦੀ ਵੀ ਜਾਂਚ ਕਰਨਾ ਚਾਹੁੰਦੀ ਹੈ, ਜਿਸ ਵਿਚ ਉਨ੍ਹਾਂ ਦਾ ਸਾਊਥ ਮੁੰਬਈ ਵਾਲਾ ਅਪਾਰਟਮੈਂਟ ਵੀ ਸ਼ਾਮਲ ਹੈ। ਈ.ਡੀ. ਨੇ ਹਾਲ ਹੀ ‘ਚ ਇਨਕਮ ਟੈਕਸ ਵਿਭਾਗ ਦੇ ਨਾਲ ਮੀਟਿੰਗ ਕੀਤੀ ਸੀ, ਜਿਹੜਾ ਕਿ ਕਥਿਤ ਟੈਕਸ ਬੇਨਿਯਮੀਆਂ ਨੂੰ ਲੈ ਕੇ ਕੋਚਰ ਜੋੜੇ ਦੀ ਜਾਂਚ ਕਰ ਰਿਹਾ ਹੈ।