ਸ਼੍ਰੋਮਣੀ ਅਕਾਲੀ ਦਲ ਦੀ ਵਧਾਈ ਸਿਰਦਰਦੀ ਢੀਂਡਸਾ ਨੇ !

Uncategorized

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸੁਖਬੀਰ ਸਿੰਘ ਬਾਦਲ ਪਰਿਵਾਰ ਦੇ ਵਫਾਦਾਰ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ਅਤੇ ਕੰਮ ਕਰਨ ਦੇ ਢੰਗ ਨੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਵੇਖਦਿਆਂ ਪਾਰਟੀ ਦੀ ਸਿਰਦਰਦੀ ਵਧਾ ਦਿੱਤੀ ਹੈ। ਵੀਰਵਾਰ ਦੁਪਹਿਰ ਵੇਲੇ ਸੁਖਬੀਰ ਦੇ ਨਵੀਂ ਦਿੱਲੀ ਸਥਿਤ 11, ਸਫਦਰਜੰਗ ਰੋਡ ਸਥਿਤ ਨਿਵਾਸ ਵਿਖੇ ਦਿੱਤੇ ਗਏ ਭੋਜ ਦੌਰਾਨ ਲੁਟੀਅਨਜ਼ ਜ਼ੋਨ ਦੀਆਂ ਲਗਭਗ ਸਭ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ ਪਰ ਸੁਖਦੇਵ ਸਿੰਘ ਢੀਂਡਸਾ ਨਹੀਂ ਪੁੱਜੇ। ਇਥੇ ਢੀਂਡਸਾ ਵਲੋਂ ਸ਼ਾਮਲ ਨਾ ਹੋਣਾ ਪਹਿਲਾਂ ਤੋਂ ਹੀ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਇਕ ਦਿਨ ਪਹਿਲਾਂ ਹੀ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਸੁਖਬੀਰ ਦੇ ਅਸਤੀਫੇ ਦੀ ਮੰਗ ਕਰ ਕੇ ਪਾਰਟੀ ‘ਚ ਤੂਫਾਨ ਲਿਆਂਦਾ ਸੀ। ਬਾਦਲ ਪਰਿਵਾਰ ਦੇ ਨੇੜਲੇ ਆਗੂ ਵਲੋਂ ਇਸ ਤਰ੍ਹਾਂ ਉਨ੍ਹਾਂ ਦੇ ਵਿਰੋਧ ‘ਚ ਆਉਣ ਲਈ ਪੁਰਾਣਾ ਘਟਨਾਚੱਕਰ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ। ਢੀਂਡਸਾ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ‘ਚ ਕੇਂਦਰੀ ਮੰਤਰੀ ਰਹੇ ਪਰ ਬਾਦਲ ਨੇ ਉਨ੍ਹਾਂ ਦੀ ਸੀਨੀਆਰਿਟੀ ਨੂੰ ਲਾਂਭੇ ਕਰ ਕੇ ਹਰਸਿਮਰਤ ਬਾਦਲ ਨੂੰ ਮੋਦੀ ਸਰਕਾਰ ‘ਚ ਮੰਤਰੀ ਬਣਵਾ ਦਿੱਤਾ। ਇਸ ਕਾਰਨ ਢੀਂਡਸਾ ਖੁਦ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਸਨ। ਮੋਦੀ ਸਰਕਾਰ ਵਲੋਂ ਹੁਣ ਉਨ੍ਹਾਂ ਨੂੰ ਪਦਮ ਭੂਸ਼ਨ ਨਾਲ ਨਿਵਾਜੇ ਜਾਣ ਪਿੱਛੋਂ ਢੀਂਡਸਾ ਨੇ ਆਪਣੇ ਬਿਆਨ ਕਾਰਨ ਪਾਰਟੀ ‘ਚ ਸਨਸਨੀ ਫੈਲਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਵਿਰੁੱਧ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਾਰਟੀ ਨੂੰ ਮੌਜੂਦਾ ਹਾਲਾਤ ਨੂੰ ਸੁਧਾਰਨ ਲਈ ਨਵੇਂ ਪ੍ਰਧਾਨ ਦੀ ਲੋੜ ਹੈ। ਕਥਿਤ ਤੌਰ ‘ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸੁਖਬੀਰ ਵਿਰੁੱਧ ਆਵਾਜ਼ ਉਠਾਉਣ ਲਈ ਢੀਂਡਸਾ ਨੂੰ ਵਰਤ ਰਹੀ ਹੈ। ਕੇਂਦਰ ਵਲੋਂ ਪਦਮ ਪੁਰਸਕਾਰ ਲਈ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਢੀਂਡਸਾ ਨੂੰ ਪਹਿਲ ਦਿੱਤੇ ਜਾਣ ਕਾਰਨ ਅਕਾਲੀ ਦਲ ‘ਚ ਭਾਰੀ ਹੈਰਾਨੀ ਪਾਈ ਜਾ ਰਹੀ ਹੈ। ਸੰਜੋਗ ਨਾਲ ਕੁਝ ਮਹੀਨੇ ਪਹਿਲਾਂ ਹੀ ਢੀਂਡਸਾ ਨੇ ਨਿੱਜੀ ਕਾਰਨਾਂ ਕਰ ਕੇ ਪਾਰਟੀ ਦੇ ਸਭ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਹ ਰਾਜ ਸਭਾ ‘ਚ ਪਾਰਟੀ ਦੇ ਆਗੂ ਦੇ ਅਹੁਦੇ ‘ਤੇ ਟਿਕੇ ਰਹੇ। ਉਨ੍ਹਾਂ ਦਾ ਬਿਆਨ ਇਸ ਸੰਦਰਭ ‘ਚ ਅਹਿਮ ਹੈ ਕਿ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵਰਗੇ ਪਾਰਟੀ ਦੇ ਕਈ ਸੀਨੀਅਰ ਆਗੂ ਪਿਛਲੇ ਕੁਝ ਮਹੀਨਿਆਂ ਦੌਰਾਨ ਅਸਤੀਫੇ ਦੇ ਕੇ ਆਪਣੀ ਖੁਦ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾ ਚੁੱਕੇ ਹਨ।
ਸੂਤਰਾਂ ਮੁਤਾਬਕ ਭਾਜਪਾ ਚਾਹੁੰਦੀ ਹੈ ਕਿ ਪਾਰਟੀ ਦੀ ਮਜ਼ਬੂਤ ਆਵਾਜ਼ ਕਾਰਨ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ। ਇਸ ਲਈ ਭਾਜਪਾ ਢੀਂਡਸਾ ਦਾ ਦਬਾਅ ਇਕ ਗਰੁੱਪ ਵਜੋਂ ਵਰਤ ਰਹੀ ਹੈ। ਰਿਪੋਰਟ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਨ ਲਈ ਕਿਹਾ ਗਿਆ ਹੈ ਪਰ ਉਨ੍ਹਾਂ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਹੈ। ਇਹ ਵੀ ਮੌਜੂਦਾ ਸਮੱਸਿਆ ਦਾ ਇਕ ਕਾਰਨ ਹੈ। ਇੰਨਾ ਤੈਅ ਹੈ ਕਿ ਚੋਣਾਂ ਤੋਂ ਪਹਿਲਾਂ ਬਾਦਲ ਪਰਿਵਾਰ ਨੂੰ ਢੀਂਡਸਾ ਰੂਪੀ ਸਿਰਦਰਦੀ ਦਾ ਕੋਈ ਹੱਲ ਲੱਭਣਾ ਹੀ ਪਏਗਾ।