ਕਾਂਗਰਸ ਬਜਟ ‘ਚ ਇੱਕ ਵਾਰ ਫਿਰ ਪੰਜਾਬੀਆਂ ਨੂੰ ਧੋਖਾ ਦੇਵੇਗੀ : ਸ਼ਵੇਤ ਮਲਿਕ |

Uncategorized

ਰਾਜ ਸਭਾ ਸੰਸਦ ਮੈਂਬਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੂਜਾ ਬਜਟ ਪੇਸ਼ ਕਰਨ ਜਾ ਰਹੀ ਹੈ। ਮਲਿਕ ਨੇ ਕਿਹਾ ਕਿ ਕਾਂਗਰਸ ਬਜਟ ‘ਚ ਇਕ ਵਾਰ ਫਿਰ ਪੰਜਾਬੀਆਂ ਨੂੰ ਧੋਖਾ ਦੇਵੇਗੀ। ਮਲਿਕ ਨੇ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਗਵਾਹੀ ‘ਚ ਇਕ ਝੂਠਾ ਮੈਨੀਫੈਸਟੋ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ‘ਚ ਲੈ ਕੇ ਸਹੁੰ ਚੁੱਕੀ ਕਿ ਉਹ 4 ਹਫਤਿਆਂ ‘ਚ ਪੰਜਾਬ ਨੂੰ ਨਸ਼ਾਮੁਕਤ ਕਰ ਦੇਣਗੇ, ਜਦਕਿ ਹੁਣ 100 ਹਫਤੇ ਬੀਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ‘ਤੇ ਨਸ਼ਾ ਮਾਫੀਆ ਹਾਵੀ ਹੋ ਚੁੱਕਾ ਹੈ।

ਮਲਿਕ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਸ਼ਾ ਰੋਕਣ ‘ਚ ਨਾਕਾਮ ਰਹਿਣ ‘ਤੇ ਫਟਕਾਰ ਲਾਈ ਹੈ। ਨਸ਼ੇ ਕਾਰਨ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕੈਪਟਨ ਚੈਨ ਦੀ ਨੀਂਦ ਸੌਂ ਰਹੇ ਹਨ। ਕੈਪਟਨ ਸਰਕਾਰ ਨੇ ਔਰਤਾਂ ਨਾਲ ਵੀ ਧੋਖਾ ਕੀਤਾ। ਔਰਤਾਂ ਨੂੰ 33 ਫੀਸਦੀ ਨੌਕਰੀਆਂ ਦੇਣ ਦਾ ਦਾਅਵਾ ਕੀਤਾ, ਜਦਕਿ ਇਕ ਔਰਤ ਨੂੰ ਵੀ ਨੌਕਰੀ ਨਹੀਂ ਮਿਲੀ। ਕੈਪਟਨ ਸਰਕਾਰ ਨੇ ਉਦਯੋਗਪਤੀਆਂ ਨਾਲ ਝੂਠ ਬੋਲਿਆ ਕਿ ਬਿਜਲੀ 5 ਰੁਪਏ ਯੂਨਿਟ ਦੇਣਗੇ, ਜਦਕਿ ਬਿਜਲੀ 10 ਰੁਪਏ ਯੂਨਿਟ ਤੋਂ ਜ਼ਿਆਦਾ ਮਿਲ ਰਹੀ ਹੈ। ਮਲਿਕ ਨੇ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ। ਕਾਂਗਰਸ ਸਰਕਾਰ ਨੇ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਦਾ ਝੂਠਾ ਵਾਅਦਾ ਕਰਕੇ ਅੱਜ ਕਿਸਾਨਾਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਕਰ ਦਿੱਤਾ ਹੈ। ਅਧਿਆਪਕਾਂ ਨੂੰ ਵੀ ਤਨਖਾਹ ਦੀ ਥਾਂ ਲਾਠੀਆਂ ਖਾਣੀਆਂ ਪੈ ਰਹੀਆਂ ਹਨ।