ਦਿੱਲੀ ਦੇ ਵਿਧਾਇਕ ਵੀ ਨਾਰਾਜ਼ ਕਰ ਬੈਠੇ , ਪੰਜਾਬ ਦੇ ਵਿਧਾਇਕ ਤਾਂ ਹਾਲੇ ਤੱਕ ਮੰਨੇ ਨਹੀਂ !

Uncategorized

ਦਿੱਲੀ ਚਾਂਦਨੀ ਚੌਕ ਇਲਾਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਲਕਾ ਲਾਂਬਾ ਦਾ ਕੱਦ ਕਾਫੀ ਵੱਡਾ ਹੈ ਪਰ ਇਨ੍ਹੀਂ ਦਿਨੀਂ ਲਾਂਬਾ ਕੇਜਰੀਵਾਲ ਦੀ ਨਾਰਾਜ਼ਗੀ ਕਾਰਨ ਉਹ ਖੂਬ ਚਰਚਾ ‘ਚ ਹੈ, ਜੋ ਕੇਜਰੀਵਾਲ ਲਈ ਸਿਰਦਰਦੀ ਬਣ ਚੁੱਕੀ ਹੈ। ਕੇਜਰੀਵਾਲ ਜਿੱਥੇ ਵੀ ਜਾ ਰਹੇ ਹਨ, ਮੀਡੀਆ ਵਾਲੇ ਉਨ੍ਹਾਂ ਤੋਂ ਅਲਕਾ ਲਾਂਬਾ ਬਾਰੇ ਹੀ ਸਵਾਲ ਪੁੱਛਦੇ ਹਨ, ਜਿਨ੍ਹਾਂ ਤੋਂ ਉਹ ਬਚਦੇ ਹੋਏ ਵਿਖਾਈ ਦੇ ਰਹੇ ਹਨ। ਮਾਮਲੇ ਬਾਰੇ ਜਾਣਕਾਰਾਂ ਦੀ ਮੰਨੀਏ ਤਾਂ ਅਲਕਾ ਲਾਂਬਾ ਵੀ ਬੇਬਾਕ ਤਰੀਕੇ ਨਾਲ ਕੇਜਰੀਵਾਲ ‘ਤੇ ਹਮਲਾ ਬੋਲ ਰਹੀ ਹੈ ਅਤੇ ਸੋਸ਼ਲ ਮੀਡੀਆ ਜ਼ਰੀਏ ਆਪਣੀ ਨਾਰਾਜ਼ਗੀ ਦਾ ਮੁਜ਼ਾਹਰਾ ਕਰਕੇ ਕੇਜਰੀਵਾਲ ਲਈ ਨਵੀਆਂ ਦਿੱਕਤਾਂ ਪੈਦਾ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਅੱਧਾ ਦਰਜਨ ਤੋਂ ਜ਼ਿਆਦਾ ‘ਆਪ’ ਦੇ ਵਿਧਾਇਕ ਪਾਰਟੀ ਤੋਂ ਨਾਰਾਜ਼ ਹਨ। ਇਸ ਤੋਂ ਪਹਿਲਾਂ 4 ਲੋਕ ਸਭਾ ਮੈਂਬਰ ਜੋ ‘ਆਪ’ ਪਾਰਟੀ ਵਲੋਂ ਜਿੱਤ ਕੇ ਸਾਹਮਣੇ ਆਏ ਸਨ, ਉਨ੍ਹਾਂ ‘ਚੋਂ 3 ਤਾਂ ਨਾਰਾਜ਼ ਵਿਖਾਈ ਦਿੱਤੇ। ਅਜਿਹੇ ‘ਚ ਕੇਜਰੀਵਾਲ ਦੀ ਤਾਨਾਸ਼ਾਹੀ ਸਮਝੋ ਜਾਂ ਫਿਰ ਪਾਰਟੀ ‘ਚ ਸਿਸਟਮ ਦੀ ਅਵਿਵਸਥਾ। ਪਾਰਟੀ ਕਨਵੀਨਰ ਕੇਜਰੀਵਾਲ ਪੰਜਾਬ ਦੇ ਨਾਰਾਜ਼ ਵਿਧਾਇਕ ਨੂੰ ਨਹੀਂ ਮਨਾ ਸਕੇ ਤੇ ਦਿੱਲੀ ‘ਚ ਪਹਿਲਾਂ ਵਿਧਾਇਕ ਕਪਿਲ ਮਿਸ਼ਰਾ ਅਤੇ ਹੁਣ ਵਿਧਾਇਕਾ ਅਲਕਾ ਲਾਂਬਾ ਦੇ ਜ਼ਰੀਏ ਆਪਣਾ ਤਮਾਸ਼ਾ ਬਣਾ ਰਹੇ ਹਨ। ਅਲਕਾ ਲਾਂਬਾ ਦਾ ਦੋਸ਼ ਹੈ ਕਿ ਕੇਜਰੀਵਾਲ ਲਗਾਤਾਰ ਉਨ੍ਹਾਂ ਨੂੰ ਪਾਰਟੀ ‘ਚੋਂ ਸਾਈਡ ਕਰਦੇ ਆ ਰਹੇ ਹਨ। ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਵੱਲ ਇਨ੍ਹਾਂ ਵਿਧਾਇਕਾਂ ਦੇ ਮੁਕਾਬਲੇ ਘੱਟ ਤਵੱਜੋਂ ਦਿੱਤੀ ਜਾ ਰਹੀ ਹੈ। ਕੇਜਰੀਵਾਲ ਨੇ ਉਨ੍ਹਾਂ ਨੂੰ ਟਵਿੱਟਰ ‘ਤੇ ਵੀ ਅਨਫਾਲੋ ਕਰ ਦਿੱਤਾ ਅਤੇ ਜਿੰਨੇ ਵਟਸਐਪ ਗਰੁੱਪ ‘ਆਪ’ ਅਤੇ ਵੱਡੇ ਆਗੂਆਂ ਦੇ ਚੱਲਦੇ ਸਨ, ਉਨ੍ਹਾਂ ‘ਚੋਂ ਲਾਂਬਾ ਨੂੰ ਰਿਮੂਵ ਕਰ ਦਿੱਤਾ ਗਿਆ ਹੈ। ਲਾਂਬਾ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਹੁਣ ਪਾਰਟੀ ਮੇਰੀਆਂ ਸੇਵਾਵਾਂ ਨਹੀਂ ਚਾਹੁੰਦੀ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸਾਬਕਾ ਉਕਤ ਵਿਧਾਇਕਾ ਨੇ ਵੀ ਦੋਸ਼ ਲਾਏ ਸਨ ਕਿ ਪਾਰਟੀ ‘ਚ ਉਨ੍ਹਾਂ ਤੋਂ ਇਸ ਗੱਲ ਨੂੰ ਲੈ ਕੇ ਅਸਤੀਫਾ ਮੰਗਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਿਲੇ ਭਾਰਤ ਰਤਨ ਇਨਾਮ ਨੂੰ ਵਾਪਸ ਲੈਣ ਦੇ ਪ੍ਰਸਤਾਵ ਦਾ ਖੰਡਨ ਕੀਤਾ ਸੀ। ਇਸ ਪ੍ਰਸਤਾਵ ਨੂੰ ਦਿੱਲੀ ਵਿਧਾਨ ਸਭਾ ‘ਚ ‘ਆਪ’ ਦੇ ਵਿਧਾਇਕ ਜਰਨੈਲ ਸਿੰਘ ਨੇ ਰੱਖਿਆ ਸੀ। ਅਲਕਾ ਲਾਂਬਾ ਨੇ ਕਿਹਾ ਸੀ ਕਿ ਉਹ ਇਸ ਪ੍ਰਸਤਾਵ ਨਾਲ ਸਹਿਮਤ ਨਹੀਂ ਸੀ ਪਰ ਪਾਰਟੀ ਵਲੋਂ ਉਨ੍ਹਾਂ ‘ਤੇ ਦਬਾਅ ਪਾਇਆ ਗਿਆ ਸੀ ਕਿ ਉਹ ਇਸ ਪ੍ਰਸਤਾਵ ਦਾ ਸਮਰਥਨ ਕਰੇ, ਜਿਸ ਕਾਰਨ ਉਨ੍ਹਾਂ ਨੇ ਵਿਧਾਨ ਸਭਾ ਤੋਂ ਵਾਕਆਊਟ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ

ਦੂਜੇ ਪਾਸੇ ‘ਆਪ’ ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਅਲਕਾ ਲਾਂਬਾ ਅਸਲ ‘ਚ ਕਾਂਗਰਸ ਪਾਰਟੀ ਦੀ ਆਗੂ ਰਹੀ ਹੈ, ਜੋ ਕਾਂਗਰਸ ਛੱਡ ਕੇ ‘ਆਪ’ ‘ਚ ਆਈ ਸੀ ਪਰ ਉਸ ਦਾ ਕਾਂਗਰਸ ਨਾਲ ਸੰਪਰਕ ਰਿਹਾ ਹੈ। ਰਾਜੀਵ ਗਾਂਧੀ ਦੇ ਹੱਕ ‘ਚ ਬੋਲ ਕੇ ਉਨ੍ਹਾਂ ਨੇ ਕਾਂਗਰਸ ‘ਚ ਆਪਣੀ ਵਾਪਸੀ ਲਈ ਰਸਤਾ ਸਾਫ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਾਂਬਾ ਜਲਦੀ ਕਾਂਗਰਸ ‘ਚ ਜਾ ਸਕਦੀ ਹੈ। ਸਾਰੇ ਮਾਮਲੇ ਬਾਰੇ ਅਲਕਾ ਲਾਂਬਾ ਨਾਲ ਸੰਪਰਕ ਕਰਨਾ ਚਾਹਿਆ ਅਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਪਰ ਇਸ ਸਾਰੇ ਵਿਵਾਦ ਤੋਂ ਇਕ ਗੱਲ ਸਾਫ ਹੈ ਕਿ ਜਿਸ ਤਰ੍ਹਾਂ ‘ਆਪ’ ਆਗੂ ਪਾਰਟੀ ਤੋਂ ਦੂਰ ਹੁੰਦੇ ਜਾ ਰਹੇ ਹਨ, ਇਸ ਪਾਰਟੀ ਲਈ ਆਉਣ ਵਾਲੀਆਂ ਚੋਣਾਂ ਵਿਚ ਬੜੀਆਂ ਔਕੜਾਂ ਆਉਣਗੀਆਂ।