DSGMC ਦੀ 9 ਮਾਰਚ ਨੂੰ ਹੋਵੇਗੀ ਚੋਣ, ਚੋਣ ਕਮਿਸ਼ਨ ਨੇ ਦਿੱਤੀ ਹਰੀ ਝੰਡੀ

Trending

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਚੋਣ 9 ਮਾਰਚ ਨੂੰ ਹੋਵੇਗੀ। ਇਸ ਨੂੰ ਲੈ ਕੇ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਕਮਿਸ਼ਨ ਨੇ ਹਰੀ ਝੰਡੀ ਦੇ ਦਿੱਤੀ ਹੈ। ਨਾਲ ਹੀ ਤਿਆਰੀਆਂ ਅਤੇ ਚੋਣ ਨੂੰ ਲੈ ਕੇ ਇਕ ਪੱਤਰ ਵੀ ਅੱਜ ਦਿੱਲ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਕਮੇਟੀ ਨੂੰ ਭੇਜਿਆ ਗਿਆ ਹੈ। ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਸਮੁੱਚੀ ਕਾਰਜਕਾਰਨੀ ਦੁਆਰਾ ਜਨਰਲ ਹਾਊਸ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਅਜੇ ਤੱਕ ਕਮੇਟੀ ਕਾਰਜਕਾਰੀ ਤੌਰ ‘ਤੇ ਕੰਮ ਕਰ ਰਹੀ ਹੈ ਪਰ ਹੁਣ 9 ਮਾਰਚ ਨੂੰ ਕਮੇਟੀ ਨੂੰ ਨਵੇਂ ਪ੍ਰਧਾਨ ਸਮੇਤ 5 ਅਹੁਦੇਦਾਰ ਅਤੇ 10 ਕਾਰਜਕਾਰਨੀ ਮੈਂਬਰ ਮਿਲ ਜਾਣਗੇ।

ਇਨ੍ਹਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਮਾਰਚ 2021 ਵਿਚ ਕਮੇਟੀ ਦੀਆਂ ਚੋਣਾਂ ਹੋਣਗੀਆਂ, ਜਿਸ ਸਬੰਧ ਵਿਚ ਪਹਿਲਾਂ 19 ਜਨਵਰੀ ਨੂੰ ਨਵੇਂ ਅਧਿਕਾਰੀਆਂ ਦੀ ਚੋਣ ਲਈ ਜਨਰਲ ਹਾਊਸ ਬੁਲਾਇਆ ਗਿਆ ਸੀ ਪਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਦੇ ਅਦਾਲਤ ਵਿਚ ਜਾਣ ਕਾਰਨ ਚੋਣਾਂ ‘ਤੇ ਰੋਕ ਲੱਗ ਗਈ ਸੀ। ਭਾਵੇਂ ਬਾਅਦ ਵਿਚ ਸ਼ੰਟੀ ਨੇ ਆਪਣੇ ਕਦਮ ਵਾਪਸ ਖਿੱਚ ਲਏ, ਜਿਸ ਕਾਰਨ ਚੋਣਾਂ ਕਰਾਉਣ ਦਾ ਰਸਤਾ ਸਾਫ ਹੋ ਗਿਆ। ਇਸ ਤੋਂ ਬਾਅਦ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਦਾਲਤ ਨੂੰ ਲਿਖਤੀ ਤੌਰ ‘ਤੇ ਭਰੋਸਾ ਦਿੱਤਾ ਸੀ ਕਿ ਨਵੀਂ ਕਾਰਜਕਾਰਨੀ ਦੀਆਂ ਚੋਣਾਂ ਕਮੇਟੀ ਦੇ ਐਕਟ ਦੇ ਹਿਸਾਬ ਨਾਲ ਹੋਣਗੀਆਂ। ਅਦਾਲਤ ਵਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਗੁਰਦੁਆਰਾ ਚੋਣ ਕਮਿਸ਼ਨ ਨੇ ਸ਼ੁਰੂਆਤ ਕਰ ਦਿੱਤੀ ਸੀ।

ਇਸ ਵਾਰ ਵਿਚ ਚੋਣਾਂ ਵਿਚ ਮੁੱਖ ਭੂਮਿਕਾ ਕਮਿਸ਼ਨ ਦੀ ਹੀ ਰਹੇਗੀ। ਆਮ ਚੋਣਾਂ ਤੋਂ ਬਾਅਦ ਹੋਣ ਵਾਲੇ ਪਹਿਲੇ ਹਾਊਸ ਦੀ ਤਰ੍ਹਾਂ ਇਸ ਵਾਰ ਪਹਿਲੇ ਪ੍ਰੋਟਮ ਸਪੀਕਰ ਦੀ ਚੋਣ ਕੀਤੀ ਜਾਵੇਗੀ ਜੋ ਕਿ ਪ੍ਰਧਾਨ ਦੀ ਚੋਣ ਕਰਾਏਗਾ। ਪ੍ਰਧਾਨ ਚੁਣਨ ਤੋਂ ਬਾਅਦ ਅਗਲੇ ਅਹੁਦੇਦਾਰ ਅਤੇ ਮੈਂਬਰਾਂ ਦੀ ਚੋਣ ਪ੍ਰਧਾਨ ਦੇ ਤੌਰ ‘ਤੇ ਸਭਾਪਤੀ ਦੁਆਰਾ ਕਰਾਈ ਜਾਵੇਗੀ। ਮੌਜੂਦਾ ਕਾਰਜਕਾਰਨੀ ਦਾ ਕਾਰਜਕਾਲ 29 ਮਾਰਚ 2019 ਨੂੰ ਖਤਮ ਹੋ ਰਿਹਾ ਹੈ। ਇਸ ਲਈ 9 ਮਾਰਚ ਨੂੰ ਹੋਣ ਵਾਲੀਆਂ ਚੋਣਾਂ 20 ਦਿਨ ਪਹਿਲਾਂ ਹੋਣ ਜਾ ਰਹੀਆਂ ਹਨ। ਚੋਣਾਂ ਕਰਾਉਣ ਦੀ ਪੁਸ਼ਟੀ ਖੁਦ ਗੁਰਦੁਆਰਾ ਚੋਣ ਕਮਿਸ਼ਨਰ ਸ਼ੂਰਵੀਰ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ 1-2 ਦਿਨਾਂ ਵਿਚ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ।