ਹਰਮਨਪ੍ਰੀਤ ਤੋਂ ਨਾਰਾਜ਼ ਹੋਏ ਫੈਨਜ਼ ,ਪਲੇਇੰਗ ਇਲੈਵਨ ‘ਚ ਜਗ੍ਹਾ ਨਹੀਂ ਮਿਲੀ ਮਿਤਾਲੀ ਨੂੰ !

Sports

ਮਹਿਲਾ ਕ੍ਰਿਕਟ ਟੀਮ ਨੇ ਬੁੱਧਵਾਰ (6 ਫਰਵਰੀ) ਨੂੰ ਵੇਸਟਪੈਕ ਸਟੇਡੀਅਮ ‘ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਮੈਚ ‘ਚ ਭਾਰਤੀ ਵਨ ਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਪਲੇਇੰਗ ਇਲੈਵਨ ‘ਚ ਨਹੀਂ ਚੁਣਿਆ ਗਿਆ ਹੈ। ਮਿਤਾਲੀ ਰਾਜ ਨੂੰ ਟੀਮ ‘ਚ ਸ਼ਾਮਲ ਨਾ ਕੀਤੇ ਜਾਣ ‘ਤੇ ਇਕ ਵਾਰ ਫਿਰ ਟੀਮ ਚੋਣ ‘ਤੇ ਸਵਾਲ ਉਠਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ‘ਚ ਇੰਗਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ਮੈਚ ‘ਚ ਟੀਮ ਦੀ ਸਭ ਤੋਂ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਬੈਂਚ ‘ਤੇ ਬਿਠਾਇਆ ਗਿਆ ਸੀ ਅਤੇ ਉਸ ਮੈਚ ‘ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਵੀ ਮਿਤਾਲੀ ਰਾਜ ਨੂੰ ਸੈਮੀਫਾਈਨਲ ‘ਚ ਪਲੇਇੰਗ ਇਲੈਵਨ ‘ਚ ਸ਼ਾਮਲ ਨਹੀਂ ਕੀਤੇ ਜਾਣ ‘ਤੇ ਸੋਸ਼ਲ ਮੀਡੀਆ ‘ਤੇ ਹਰਮਨਪ੍ਰੀਤ ਕੌਰ ਦੀ ਕਾਫੀ ਆਲੋਚਨਾ ਹੋਈ ਸੀ। ਨਾਲ ਹੀ ਇਸ ਵਿਵਾਦ ਨੇ ਕਾਫੀ ਵੱਡਾ ਰੂਪ ਲੈ ਲਿਆ ਸੀ।

ਹੁਣ ਇਕ ਵਾਰ ਫਿਰ ਮਿਤਾਲੀ ਰਾਜ ਨੂੰ ਪਲੇਇੰਗ ਇਲੈਵਨ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਈ ਸਵਾਲ ਉਠਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਮੈਚ ਤੋਂ ਪਹਿਲਾਂ ਇਹ ਖਬਰ ਆ ਰਹੀ ਸੀ ਕਿ ਇਸ ਟੀ-20 ਸੀਰੀਜ਼ ਦੇ ਬਾਅਦ ਮਿਤਾਲੀ ਰਾਜ ਟੀ-20 ਕ੍ਰਿਕਟ ਤੋਂ ਸੰਨਿਆਸ ਵੀ ਲੈ ਸਕਦੀ ਹੈ। ਅਜਿਹੇ ‘ਚ ਪਲੇਇੰਗ ਇਲੈਵਨ ‘ਚ ਮਿਤਾਲੀ ਰਾਜ ਨੂੰ ਸ਼ਾਮਲ ਨਾ ਕੀਤੇ ਜਾਣ ‘ਤੇ ਪ੍ਰਸ਼ੰਸਕ ਕਾਫੀ ਨਾਰਾਜ਼ ਹਨ ਅਤੇ ਹਰਮਨਪ੍ਰੀਤ ਕੌਰ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।