ਆਈ ਈ. ਡੀ. ਨੂੰ ਚੋਣਾਂ ਤੋਂ ਪਹਿਲਾ ਹੀ ਕਿਉਂ ਆਈ ਜਾਂਚ ਦੀ ਯਾਦ : ਵਾਡਰਾ |

Uncategorized

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਰਾਬਰਟ ਵਾਡਰਾ ਰਾਜਸਥਾਨ ਦੇ ਬੀਕਾਨੇਰ ‘ਚ ਇਕ ਕਥਿਤ ਜ਼ਮੀਨ ਘਪਲੇ ਦੀ ਜਾਂਚ ਦੇ ਸਿਲਸਿਲੇ ‘ਚ ਅੱਜ ਭਾਵ ਮੰਗਲਵਾਰ ਨੂੰ ਜੈਪੁਰ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਣਗੇ। ਅੱਜ ਵਾਡਰਾ ਦੇ ਨਾਲ ਉਨ੍ਹਾਂ ਦੀ ਮਾਂ ਮੋਰੀਨ ਵੀ ਜੈਪੁਰ ਦੇ ਈ. ਡੀ. ਦਫਤਰ ‘ਚ ਪੇਸ਼ ਹੋਵੇਗੀ।
ਈ. ਡੀ. ਦੀ ਪੁੱਛ ਗਿੱਛ ਤੋਂ ਪਹਿਲਾਂ ਰਾਬਰਟ ਵਾਡਰਾ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਉਸ ਦੀ 75 ਸਾਲਾ ਬਜ਼ੁਰਗ ਮਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਬਦਲਾ ਲੈਣ ਵਾਲੀ ਸਰਕਾਰ ਇੰਨੀ ਹੇਠਾ ਡਿੱਗ ਜਾਵੇਗੀ। ਆਪਣੀ ਮਾਂ ਦੇ ਜੀਵਨ ‘ਚ ਪੇਸ਼ ਆਈ ਦੁਖਦਾਇਕ ਘਟਨਾਵਾਂ ਨੂੰ ਬਿਆਨ ਕਰਦੇ ਹੋਏ ਵਢੇਰਾ ਨੇ ਕਿਹਾ ਹੈ ਕਿ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਕਿਹਾ ਹੈ ਕਿ ਉਹ ਮੇਰੇ ਨਾਲ ਦਫਤਰ ‘ਚ ਰਹਿਣ ਤਾਂ ਕਿ ਅਸੀਂ ਦੁੱਖ ਵੰਡ ਸਕੀਏ ਅਤੇ ਇਕੱਠੇ ਸਮਾਂ ਬਿਤਾ ਸਕੀਏ। ਹੁਣ ਮੇਰੇ ਨਾਲ ਦਫਤਰ ‘ਚ ਰਹਿਣ ਲਈ ਉਨ੍ਹਾਂ ਨੂੰ ਪਰੇਸ਼ਾਨ ਅਤੇ ਬਦਨਾਮ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਵਿਰੁੱਧ ਦੋਸ਼ਾਂ ਦੀ ਕਾਨੂੰਨੀ ਵੈਧਤਾ ‘ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਨੇ ਕਿਹਾ ਸਰਕਾਰ ਨੇ 4 ਸਾਲ ਅਤੇ 8 ਮਹੀਨਿਆਂ ਦਾ ਸਮਾਂ ਕਿਉਂ ਲਿਆ। ਉਹ ਵੀ ਚੋਣਾਂ ਦਾ ਪ੍ਰਚਾਰ ਸ਼ੁਰੂ ਕਰਨ ਤੋਂ ਇੱਕ ਮਹੀਨਾ ਪਹਿਲਾਂ ਮੈਨੂੰ ਪੁੱਛ ਗਿੱਛ ਲਈ ਬੁਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਈ. ਡੀ. ਸਾਹਮਣੇ ਵਾਡਰਾ ਦੀ ਇਹ ਚੌਥੀ ਪੇਸ਼ੀ ਹੋਵੇਗੀ। ਪਿਛਲੇ 3 ਮੌਕਿਆਂ ‘ਚ ਉਹ ਨਜ਼ਾਇਜ਼ ਢੰਗ ਨਾਲ ਵਿਦੇਸ਼ ‘ਚੋਂ ਜਾਇਦਾਦ ਖਰੀਦਣ ਸੰਬੰਧੀ ਆਪਣੀ ਕਥਿਤ ਭੂਮਿਕਾ ਲਈ ਆਪਣੇ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਲਈ ਦਿੱਲੀ ਈ. ਡੀ ਦੇ ਸਾਹਮਣੇ ਪੇਸ਼ ਹੋਏ। ਰਾਜਸਥਾਨ ਹਾਈਕੋਰਟ ਨੇ ਵਾਡਰਾ ਅਤੇ ਉਨ੍ਹਾਂ ਦੀ ਮਾਂ ਨੂੰ ਈ. ਡੀ. ਵਲੋਂ ਕੀਤੀ ਜਾ ਰਹੀ ਜਾਂਚ ਦੇ ਲਈ ਸਹਿਯੋਗ ਕਰਨ ਲਈ ਕਿਹਾ। ਜਾਂਚ ਅਧਿਕਾਰੀ (ਆਈ. ਓ.) ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਵਾਡਰਾ ਅਤੇ ਉਨ੍ਹਾਂ ਦੀ ਮਾਂ ਦਾ ਬਿਆਨ ਵੀ ਦਰਜ ਕਰਨਗੇ।
ਬੀਕਾਨੇਰ ਵਾਲੇ ਮਾਮਲੇ ‘ਚ ਈ. ਡੀ. ਨੇ ਵਾਡਰਾ ਨੂੰ 3 ਵਾਰ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ ਅਤੇ ਆਖਰਕਾਰ ਅਦਾਲਤ ਦੀ ਸ਼ਰਣ ‘ਚ ਗਏ। ਬੀਕਾਨੇਰ ਦੇ ਤਹਿਸੀਲਦਾਰ ਵਲੋਂ ਭਾਰਤ ਪਾਕਿ ਸਰਹੱਦ ਹੋਣ ਕਾਰਨ ਨਾਜ਼ੁਕ ਇਲਾਕੇ ‘ਚ ਜ਼ਮੀਨ ਅਲਾਟਮੈਂਟ ‘ਚ ਕਥਿਤ ਫਰਜ਼ੀਵਾੜੇ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਹੋਇਆ ਸੀ। ਈ. ਡੀ. ਵਾਡਰਾ ਨਾਲ ਕਥਿਤ ਤੌਰ ‘ਤੇ ਜੁੜੀ ਕੰਪਨੀ ਮੈਸਰਜ਼ ਸਕਾਈਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਦੇ ਕੰਮਕਾਜ ਬਾਰੇ ਪੁੱਛ ਗਿੱਛ ਕਰਨਾ ਚਾਹੁੰਦੀ ਹੈ। ਇਸ ਕੰਪਨੀ ਦੇ ਇਲਾਕੇ ‘ਚ ਜ਼ਮੀਨ ਖਰੀਦੀ ਸੀ।