IELTS ਸੈਂਟਰਾਂ ਦੀ ਮੌਜ ਪੰਜਾਬ, ਚੰਡੀਗੜ੍ਹ ‘ਚ, 1100 ਕਰੋੜ ‘ਤੇ ਪੁੱਜਾ ਕਾਰੋਬਾਰ !

Business

ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ‘ਚ ਵਿਦੇਸ਼ ਜਾਣ ਦਾ ਕ੍ਰੇਜ਼ ਆਈਲੈਟਸ ਇੰਡਸਟਰੀ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਚੰਡੀਗੜ੍ਹ ਤੇ ਪੰਜਾਬ ਦੇ ਲਗਭਗ 6 ਲੱਖ ਵਿਦਿਆਰਥੀਆਂ ਦੇ ਇਸ ਸਾਲ ‘ਇੰਟਰਨੈਸ਼ਨਲ ਇੰਗਲਿਸ਼ ਭਾਸ਼ਾ ਟੈਸਟਿੰਗ ਸਿਸਟਮ (ਆਈਲੈਟਸ) ਦੇ ਟੈਸਟ ‘ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ‘ਚ ਬਾਹਰ ਜਾਣ ਦੀ ਲਗਾਤਾਰ ਵਧ ਰਹੀ ਦਿਲਚਸਪੀ ਕਾਰਨ ਪਿਛਲੇ ਪੰਜ ਸਾਲਾਂ ‘ਚ ਆਈਲੈਟਸ ਕੋਚਿੰਗ ਸੰਸਥਾਨਾਂ ਦੀ ਗਿਣਤੀ 5 ਗੁਣਾ ਵਧੀ ਹੈ ਅਤੇ ਇਹ ਇੰਡਸਟਰੀ ਤਕਰੀਬਨ 1,000-1,100 ਕਰੋੜ ਰੁਪਏ ਦੀ ਹੋ ਗਈ ਹੈ।
ਰਿਪੋਰਟ ਮੁਤਾਬਕ, ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪੰਜਾਬ ਅਤੇ ਚੰਡੀਗੜ੍ਹ ‘ਚ ਕਾਫੀ ਵਧੀ ਹੈ। ਪਿਛਲੇ ਸਾਲ 18 ਜੂਨ ਤਕ ਤਕਰੀਬਨ 4.5 ਲੱਖ ਵਿਦਿਆਰਥੀ ਆਈਲੈਟਸ ਟੈਸਟ ‘ਚ ਸ਼ਾਮਲ ਹੋਏ ਸਨ। ਇਸ ਸਾਲ 19 ਜੂਨ ਤਕ ਘੱਟੋ-ਘੱਟ 6 ਲੱਖ ਵਿਦਿਆਰਥੀਆਂ ਦੇ ਇਸ ਪ੍ਰੀਖਿਆ ‘ਚ ਸ਼ਾਮਲ ਹੋਣ ਦੀ ਉਮੀਦ ਹੈ, ਜੋ ਪਿਛਲੇ ਸਾਲ ਨਾਲੋਂ 30 ਫੀਸਦੀ ਜ਼ਿਆਦਾ ਹਨ।
ਇਕ ਅਨੁਮਾਨ ਮੁਤਾਬਕ, ਪੰਜਾਬ ਅਤੇ ਚੰਡੀਗੜ੍ਹ ‘ਚ ਲਗਭਗ 5,000-6,000 ਕੋਚਿੰਗ ਸੈਂਟਰ ਹਨ, ਜਿਨ੍ਹਾਂ ‘ਚੋਂ 95 ਫੀਸਦੀ ਨੂੰ ਗੈਰ ਸੰਗਠਤ ਖਿਡਾਰੀ ਚਲਾ ਰਹੇ ਹਨ। ਬਾਕੀ 5 ਫੀਸਦੀ ਜੋ ਸੰਗਠਤ ਖੇਤਰ ‘ਚ ਹਨ, ਉਹ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਲਗਭਗ 20 ਫੀਸਦੀ ਵਿਦਿਆਰਥੀਆਂ ਨੂੰ ਕੋਚਿੰਗ ਪ੍ਰਦਾਨ ਕਰ ਰਹੇ ਹਨ। ਕੋਚਿੰਗ ਲਈ ਇਹ ਸੰਸਥਾਨ ਪ੍ਰਤੀ ਮਹੀਨਾ 2,000 ਤੋਂ 20,000 ਰੁਪਏ ਵਿਚਕਾਰ ਫੀਸ ਲੈ ਰਹੇ ਹਨ। ਇਨ੍ਹਾਂ ਸੰਸਥਾਨਾਂ ਵੱਲੋਂ ਹਰ ਮਹੀਨੇ ਪ੍ਰਤੀ ਵਿਦਿਆਰਥੀ ਕੋਲੋਂ ਲਈ ਜਾ ਰਹੀ ਔਸਤ ਫੀਸ ਲਗਭਗ 8,000 ਤੋਂ 9,000 ਰੁਪਏ ਹੈ।
ਆਮ ਤੌਰ ‘ਤੇ ਇਕ ਵਿਦਿਆਰਥੀ ਆਈਲੈਟਸ ਪ੍ਰੀਖਿਆ ਦੇਣ ਤੋਂ ਪਹਿਲਾਂ ਦੋ ਮਹੀਨਿਆਂ ਦੀ ਕੋਚਿੰਗ ਲੈਂਦਾ ਹੈ। ਪਿੰਡਾਂ ਦੇ ਲੋਕਾਂ ‘ਚ ਬਾਹਰ ਜਾਣ ਦੀ ਇੱਛਾ ਵਧਣ ਨਾਲ ਗ੍ਰੀਮਣ ਪੰਜਾਬ ‘ਚ ਵੀ ਇਹ ਕੋਚਿੰਗ ਸੰਸਥਾਨ ਪੈਰ ਪਸਾਰ ਰਹੇ ਹਨ। ਵਿਦਿਆਰਥੀਆਂ ਦੀ ਸਭ ਤੋਂ ਵੱਧ ਦਿਲਚਸਪੀ ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਜਾਣ ਦੀ ਵਧੀ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਵਿਦੇਸ਼ ਜਾਣ ਦਾ ਕ੍ਰੇਜ਼ ਅਤੇ ਭਾਰਤ ‘ਚ ਨੌਕਰੀ ਦੇ ਘੱਟ ਮੌਕੇ ਹੋਣ ਕਾਰਨ ਬਾਹਰ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।