ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ -ਬ੍ਰਿਟੇਨ ਸਰਕਾਰ ਜਲਿਆਂਵਾਲਾ ਬਾਗ ਦੇ ਕਤਲੇਆਮ ‘ਤੇ ਮੰਗੇ ਬਿਨਾਂ ਸ਼ਰਤ ਮੁਆਫੀ

Trending

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥਰੇਸਾ ਮੇ ਦੁਆਰਾ ਜਲਿਆਂਵਾਲਾ ਬਾਗ ਸਾਕੇ ਸਬੰਧੀ ਮੰਗੀ ਗਈ ਮੁਆਫੀ ਨੂੰ ਨਾ ਕਾਫ਼ੀ ਦੱਸਦਿਆਂ ਕਿਹਾ ਕਿ ਬਰਤਾਨੀਆ ਨੂੰ ਇਸ ਸਾਕੇ ਲਈ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ। ਇਹ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਜਲਿਆਂਵਾਲਾ ਬਾਗ ਦੇ ਇਤਿਹਾਸਕ ਸਾਕੇ ਦੀ 100ਵੀਂ ਵਰ੍ਹੇਗੰਢ ਸਬੰਧੀ ਅੰਮ੍ਰਿਤਸਰ ਵਿਚ ਕਰਵਾਏ ਗਏ ਕੈਂਡਲ ਮਾਰਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਰਾਜਪਾਲ ਪੰਜਾਬ ਵੀ. ਪੀ. ਐੱਸ. ਬਦਨੌਰ ਸਮੇਤ ਉੱਘੀਆਂ ਹਸਤੀਆਂ ਤੇ ਹਜ਼ਾਰਾਂ ਲੋਕਾਂ ਨੇ ਕੈਂਡਲ ਮਾਰਚ ‘ਚ ਹਿੱਸਾ ਲਿਆ।

ਟਾਊਨ ਹਾਲ ਤੋਂ ਸ਼ੁਰੂ ਹੋਇਆ ਇਹ ਮਾਰਚ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ-ਸੁਮਨ ਭੇਟ ਕਰ ਕੇ ਸਮਾਪਤ ਹੋਇਆ। ਰਸਤੇ ਵਿਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ। ਭਾਰਤ ਦੇ ਇਤਿਹਾਸ ਵਿਚ ਉਕਤ ਸਾਕੇ ਨੂੰ ਦਿਲ ਝੰਜੋੜ ਦੇਣ ਵਾਲੀ ਘਟਨਾ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ Îਭਾਰਤ ਦੇ ਲੋਕ ਚਾਹੁੰਦੇ ਹਨ ਕਿ ਬਰਤਾਨੀਆ ਅੱਜ ਤੋਂ 100 ਸਾਲ ਪਹਿਲਾਂ ਕੀਤੀ ਇਸ ਘਿਨੌਣੀ ਘਟਨਾ ਲਈ ਮੁਆਫੀ ਮੰਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਇਸ ਬਾਰੇ ਮਤਾ ਵੀ ਪਾਸ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਜਗ ਰਹੀਆਂ ਇਹ ਮੋਮਬੱਤੀਆਂ ਉਸ ਉਦਾਸ ਦਿਨ ਨੂੰ ਯਾਦ ਕਰ ਰਹੀਆਂ ਹਨ, ਜਦੋਂ ਨਿਹੱਥੇ ਲੋਕਾਂ ‘ਤੇ ਅੰਗਰੇਜ਼ ਹਕੂਮਤ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਉਹ ਇਸ ਮੌਕੇ ਹਾਜ਼ਰ ਸਾਕੇ ਦੇ ਸ਼ਹੀਦਾਂ ਦੇ ਕਈ ਪਰਿਵਾਰਾਂ ਨੂੰ ਵੀ ਮਿਲੇ।

ਇਸ ਮੌਕੇ ਕਈ ਰਾਜਸੀ ਤੇ ਸਮਾਜਿਕ ਹਸਤੀਆਂ ਵੀ ਸ਼ਾਮਿਲ ਸਨ, ਜਿਨ੍ਹਾਂ ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸੁਨੀਲ ਦੱਤੀ, ਸੁਖਜਿੰਦਰ ਰਾਜ ਲਾਲੀ, ਅਸ਼ਵਨੀ ਪੱਪੂ ਆਦਿ ਹਾਜ਼ਰ ਸਨ।