ਪੰਜਾਬ ਸਰਕਾਰ ਵੱਲੋਂ ਕਮੇਟੀ ਦਾ ਗਠਨ 31000 ਕਰੋੜ ਰੁਪਏ ਦੇ ਮੁੱਦੇ ਦੇ ਹੱਲ ਲਈ !

Uncategorized

ਅਨਾਜ ਖਾਤੇ ਦੇ 31000 ਕਰੋੜ ਰੁਪਏ ਮੁਆਫ ਕਰਵਾਉਣ ਲਈ ਸੂਬੇ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਹੁਲਾਰਾ ਦਿੰਦੇ ਹੋਏ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐਨ. ਕੇ. ਸਿੰਘ ਨੇ ਕਿਹਾ ਕਿ ਇਸ ਮੁੱਦੇ ਨੂੰ ਦਬਾਅ ਕੇ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਨੇ ਇਸ ਮਾਮਲੇ ਦੇ ਨਿਪਟਾਰੇ ਦਾ ਰਾਹ ਲੱਭਣ ਲਈ ਕਮੇਟੀ ਦਾ ਗਠਨ ਵੀ ਕੀਤਾ ਹੈ। ਪੰਜਾਬ ਸਰਕਾਰ ਨਾਲ ਵਿਚਾਰ-ਵਟਾਂਦਰੇ ਨੂੰ ਸਮੇਟਦੇ ਹੋਏ ਐਨ. ਕੇ. ਸਿੰਘ ਨੇ ਮੁੱਖ ਮੰਤਰੀ ਨੂੰ ਭਰੋਸਾ ਦਵਾਇਆ ਕਿ ਇਸ ਵਿਰਾਸਤੀ ਸਮੱਸਿਆ ਨੂੰ ਹੱਲ ਕਰਨ ਲਈ ਕਮਿਸ਼ਨ ਸੂਬੇ ਲਈ ਹਰ ਕੋਸ਼ਿਸ਼ ਕਰੇਗਾ। ਐਨ. ਕੇ. ਸਿੰਘ ਨੇ ਕਿਹਾ ਕਿ ਵਿੱਤ ਕਮਿਸ਼ਨ ਦੇ ਹੇਠ ਕੇਂਦਰ, ਸੂਬੇ ਤੇ ਐਫ. ਸੀ. ਆਈ ਦੀ ਕਮੇਟੀ ਇਸ ਸਬੰਧੀ ਸਾਰੀਆਂ ਸੰਭਵਾਨਾਵਾਂ ਦਾ ਪਤਾ ਲਾਵੇਗੀ ਅਤੇ ਸੰਵਿਧਾਨ ਉਚਿਤਤਾ ਅਨੁਸਾਰ ਇਸ ਸਮੱਸਿਆ ਦੇ ਨਿਪਟਾਰੇ ਲਈ ਹਵਾਲਿਆਂ ਦੀਆਂ ਸ਼ਰਤਾਂ ਪੇਸ਼ ਕਰੇਗਾ।

ਸੂਬੇ ਦੇ ਸੰਕਟ ‘ਚ ਘਿਰੇ ਕਿਸਾਨਾਂ ਦੀ ਮਦਦ ਲਈ ਕਰਜ਼ਾ ਮੁਆਫੀ ਦੇ ਸਾਰੇ ਪੱਖਾਂ ‘ਤੇ ਧਿਆਨ ਦੇਣ ਦਾ ਵਾਅਦਾ ਕਰਦੇ ਹੋਏ ਚੇਅਰਮੈਨ ਨੇ ਮੁੱਖ ਮੰਤਰੀ ਨੂੰ ਪੰਜਾਬ ਦੀਆਂ ਵਿੱਤੀ ਹਾਲਤਾਂ ਦੀ ਮੁੜ ਸੁਰਜੀਤੀ ਲਈ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਖੇਤੀ ਕਰਜ਼ੇ ਦੀ ਮੁਆਫੀ ਬਾਰੇ ਫੈਸਲਾ ਲੈਂਦੇ ਹੋਏ ਕਮਿਸ਼ਨ ਸੂਬੇ ਦੀ ਸਮੁੱਚੀ ਵਿੱਤੀ ਸਥਿਤੀ ਨੂੰ ਧਿਆਨ ਵਿੱਚ ਰੱਖੇਗਾ। ਉਨ੍ਹਾਂ ਨੇ ਸੂਬੇ ਦੇ ਸੰਤੁਲਿਤ ਸਮਾਜਿਕ-ਆਰਥਿਕ ਵਿਕਾਸ ਨੂੰ ਯਕੀਨੀ ਬਨਾਉਣ ਲਈ ਕਮਿਸ਼ਨ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਟਰੱਕ ਯੂਨੀਅਨਾਂ ਨੂੰ ਖਤਮ ਕਰਨ ਲਈ ਚੇਅਰਮੈਨ ਨੇ ਮੁੱਖ ਮੰਤਰੀ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਕਿਸੇ ਵੀ ਸਿਆਸਤਦਾਨ ਲਈ ਮੁਸ਼ਕਲ ਕਾਰਜ ਦੱਸਿਆ। ਉਨ੍ਹਾਂ ਨੇ ਅਨਾਜ ਦੀ ਖਰੀਦ ਪ੍ਰਕਿਰਿਆ ਨੂੰ ਹੋਰ ਕੁਸ਼ਲ ਅਤੇ ਵਧੀਆ ਤਰੀਕੇ ਨਾਲ ਕਰਨ ਲਈ ਸੂਬੇ ਦੇ ਆਗੂ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਤਾਂ ਜੋ ਇਸ ਨੂੰ ਹੋਰਾਂ ਸੂਬਿਆਂ ਵਿੱਚ ਵੀ ਲਾਗੂ ਕੀਤਾ ਜਾ ਸਕੇ।