ਬੇਗੁਨਾਹ ਜਾਂ ਗੁਨਾਹਗਾਰ ਰਾਬਰਟ ਵਾਡਰਾ?

Uncategorized

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਅਤੇ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਇਕ ਵਾਰ ਮੁੜ ਸੁਰਖੀਆਂ ਵਿਚ ਹਨ। ਈ.ਡੀ. ਵੱਲੋਂ ਉਨ੍ਹਾਂ ਕੋਲੋਂ ਮਨੀ ਲਾਂਡਰਿੰਗ ਮਾਮਲੇ ‘ਚ ਪਿਛਲੇ 2 ਦਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਾਡਰਾ ਉੱਤੇ ਲੰਡਨ ਵਿਚ 12 ਬਰਾਇਨਸਟਨ ਸੁਕੇਅਰ ’ਚ 19 ਲੱਖ ਪਾਊਂਡ ਦੀ ਜਾਇਦਾਦ ਦੀ ਖ਼ਰੀਦ ਰਾਹੀਂ ਕਾਲੇ ਧਨ ਨੂੰ ਚਿੱਟਾ ਕਰਨ ਦੇ ਦੋਸ਼ ਹਨ। ਸੂਤਰਾਂ ਮੁਤਾਬਕ ਜਾਂਚ ਦੌਰਾਨ ਈ. ਡੀ ਵੱਲੋਂ ਇਸ ਮਾਮਲੇ ਨਾਲ ਜੁੜੇ ਕਈ ਸਵਾਲ ਪੁੱਛੇ ਗਏ। ਵਾਡਰਾ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਕਿਹਾ ਕਿ ਉਸ ਦਾ ਸੰਜੇ ਭੰਡਾਰੀ ਤੇ ਉਨ੍ਹਾਂ ਦੇ ਚਚੇਰੇ ਭਰਾ ਸ਼ਿਖਰ ਚੱਡਾ ਨਾਲ ਕਿਸੇ ਤਰ੍ਹਾਂ ਦਾ ਵਪਾਰਕ ਸਬੰਧ ਨਹੀਂ ਹੈ। ਵਾਡਰਾ ਨੇ ਇਹ ਵੀ ਕਬੂਲਿਆ ਕਿ ਉਹ ਮਨੋਜ ਅਰੋੜਾ ਨੂੰ ਜਾਣਦੇ ਹਨ, ਉਹ ਉਸਦੇ ਕਰਮਚਾਰੀ ਸਨ ਪਰ ਉਨ੍ਹਾਂ ਨੇ ਅਰੋੜਾ ਨੂੰ ਈ-ਮੇਲ ਲਿਖਣ ਵਾਲੀ ਗੱਲ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਵਾਡਰਾ ਨੇ ਇਹ ਵੀ ਕਿਹਾ ਕਿ ਉਸ ਕੋਲ ਕਾਨੂੰਨੀ ਜਾਂ ਗੈਰ-ਕਾਨੂੰਨੀ ਰੂਪ ਨਾਲ ਲੰਡਨ ‘ਚ ਕੋਈ ਜਾਇਦਾਦ ਨਹੀਂ ਹੈ। ਇਸ ਤੋਂ ਪਹਿਲਾਂ ਵਾਡਰਾ ਨੇ ਦੋਸ਼ ਲਗਾਏ ਸਨ ਕਿ ਕੁਝ ਲੋਕਾਂ ਵੱਲੋਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਹੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ’ਚ ਗ੍ਰਿਫਤਾਰੀ ਤੋਂ ਬਚਣ ਲਈ ਵਾਡਰਾ ਨੇ ਅਦਾਲਤ ਵਿਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਵੀ ਪਾਈ ਗਈ ਸੀ, ਜਿਸ ਨੂੰ ਅਦਾਲਤ ਨੇ ਮਨਜੂਰ ਕਰ ਲਿਆ ਸੀ।

ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਰਕਾਰ ਰਾਬਰਟ ਵਾਡਰਾ ਇਸ ਮਾਮਲੇ ਵਿਚ ਗੁਨਾਹਗਾਰ ਹਨ ਜਾਂ ਫਿਰ ਬੇਗੁਨਾਹ। ਇਕਨਾਮਿਕਸ ਟਾਈਮ ਵਿਚ ਛਪੀ ਇਕ ਰਿਪੋਰਟ ਮੁਤਾਬਕ ਲੰਡਨ ਵਿਚ 4 ਜਾਇਦਾਦਾਂ ਖਰੀਦੀਆਂ ਗਈਆਂ ਸਨ। ਇਸ ਸਬੰਧੀ ਦੋਸ਼ ਇਹ ਲਗਾਏ ਗਏ ਸਨ ਕਿ ਇਨ੍ਹਾਂ ਜਾਇਦਾਦਾਂ ਨੂੰ ਖਰੀਦਣ ਲਈ ਬ੍ਰਿਟੇਨ ਦੀ ਕੰਪਨੀ ਸਿੰਟੇਕ ਨੇ ਪੈਸੇ ਦਿੱਤੇ ਸਨ। ਇਸ ਸਬੰਧੀ ਦੋਸ਼ ਇਹ ਵੀ ਹਨ ਕਿ ਸਿੰਟੇਕ ਨੂੰ ਪੈਸੇ ਦਲਾਲੀ ਤੋਂ ਹਾਸਲ ਹੋਏ ਸਨ। ਕਿਹਾ ਜਾ ਰਿਹਾ ਹੈ ਕਿ ਸਿੰਟੇਕ ਨੂੰ ਇਹ ਦਲਾਲੀ 2005 ਅਤੇ 2009 ਵਿਚ ਰੱਖਿਆ ਅਤੇ ਪੈਟਰੋਲੀਅਮ ਸੌਦੇ ਵਿਚੋਂ ਮਿਲੀ ਸੀ। ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਇਹ ਜਾਇਦਾਦ ਸਿੰਟੇਕ ਕੰਪਨੀ ਦੇ ਨਾਂ ’ਤੇ ਕੀਤੀ ਗਈ ਅਤੇ ਬਾਅਦ ਵਿਚ ਇਸਨੂੰ ਸੰਜੇ ਭੰਡਾਰੀ ਦੀ ਕੰਪਨੀ ਵੋਰਟੇਸ ਨੇ 18 ਕਰੋੜ ਰੁਪਏ ਵਿਚ ਖ਼ਰੀਦ ਲਿਆ। ਇਸ ਤੋਂ ਬਾਅਦ ਸਾਲ 2010 ਵਿਚ ਇਸ ਜ਼ਾਇਦਾਦ ਨੂੰ ਦੁਬਈ ਵਿਚ ਰਹਿੰਦੇ ਭਾਰਤੀ ਕਾਰੋਬਾਰੀ ਸੀ. ਸੀ. ਥੰਪੀ ਦੇ ਨਾਂ ਕਰ ਦਿੱਤਾ ਗਿਆ। ਥੰਪੀ ਨੇ ਇਹ ਖ਼ਰੀਦ ਸਕਾਈਲਾਈਟ ਕੰਪਨੀ ਦੇ ਰਾਹੀਂ ਕੀਤੀ, ਜੋ ਕਿ ਰਾਬਰਟ ਵਾਡਰਾ ਦੀ ਕੰਪਨੀ ਹੈ। ਈ. ਡੀ ਨੂੰ ਸ਼ੱਕ ਹੈ ਕਿ ਥੰਪੀ ਵਾਡਰਾ ਦਾ ਖਾਸ ਨੇੜਦਾਰ ਹੈ।

ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਈ.ਡੀ. ਵੱਲੋਂ ਕੀਤੀ ਜਾ ਰਹੀ ਇਸ ਜਾਂਚ ਦੇ ਸਿਆਸੀ ਮਾਈਨੇ ਵੀ ਕਾਫੀ ਵੱਡੇ ਹਨ। ਇਸ ਜਾਂਚ ਨਾਲ ਭਾਜਪਾ ਇਕ ਤੀਰ ਨਾਲ ਕਈ ਸ਼ਿਕਾਰ ਕਰਨ ਦੀ ਫਿਰਾਕ ਵਿਚ ਹੈ। ਤੱਥਾਂ ’ਤੇ ਝਾਤੀ ਮਾਰੀਏ ਤਾਂ ਪ੍ਰਿਯੰਕਾ ਗਾਂਧੀ ਦੇ ਸਰਗਰਮ ਸਿਆਸਤ ਵਿਚ ਆਉਣ ਤੋਂ ਬਾਅਦ ਇਹ ਜਾਂਚ ਥੈਲੇ ਵਿਚ ਪਈ ਬਿੱਲੀ ਵਾਂਗ ਇਕ ਦਮ ਉਛਲ ਕੇ ਬਾਹਰ ਆ ਗਈ, ਜਿਸਦਾ ਸਿੱਧਾ-ਸਿੱਧਾ ਮਤਲਬ ਹੈ ਕਿ ਭਾਜਪਾ ਪ੍ਰਿਯੰਕਾ ਗਾਂਧੀ ਦੇ ਆਉਣ ਨਾਲ ਕਾਂਗਰਸ ਦੇ ਵੱਧ ਰਹੇ ਮਨੋਬਲ ਨੂੰ ਧੜੰਮ ਸੁੱਟਣਾ ਚਾਹੁੰਦੀ ਹੈ। ਇਸ ਦੇ ਨਾਲ-ਨਾਲ 2019 ਲੋਕ ਸਭਾ ਚੋਣਾਂ ਦਾ ਸਫਰ ਵੀ ਭਾਜਪਾ ਇਸ ਮੁੱਦੇ ਨੂੰ ਅਧਾਰ ਬਣਾ ਕੇ ਹੀ ਤੈਅ ਕਰਨਾ ਚਾਹੁੰਦੀ ਹੈ ਕਿਉਂਕਿ ਚਾਰ ਸੂਬਿਆਂ ਵਿਚ ਮਿਲੀ ਹਾਰ ਤੋਂ ਬਾਅਦ ਭਾਜਪਾ ਕੋਲ ਇਸ ਤਰ੍ਹਾਂ ਦੇ ਪੱਤੇ ਖੇਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਵਾਡਰਾ ਨੂੰ ਡੀ. ਐੱਫ. ਐੱਲ. ਮਾਮਲੇ ਵਿਚ ਘੇਰਨ ਦਾ ਯਤਨ ਕੀਤਾ ਗਿਆ ਸੀ। ਉਸ ਮੌਕੇ ਚੋਣਾਂ ਤੋਂ ਪਹਿਲਾ ਭਾਜਪਾ ਨੇ ‘ਦਮਾਦ ਕਾ ਗੁਟਾਲਾ’ ਇਕ ਪੁਸਤਕ ਵੀ ਰਿਲੀਜ਼ ਕੀਤੀ ਸੀ।