ਚਾਂਦੀ 1550 ਰੁਪਏ ਹੋਈ ਸਸਤੀ ,ਸੋਨੇ ‘ਚ ਭਾਰੀ ਗਿਰਾਵਟ !

Business

ਜਿਊਲਰਾਂ ਦੀ ਮੰਗ ‘ਚ ਗਿਰਾਵਟ ਅਤੇ ਕੌਮਾਂਤਰੀ ਬਾਜ਼ਾਰਾਂ ‘ਚ ਰੁਝਾਨ ਕਮਜ਼ੋਰ ਰਹਿਣ ਕਾਰਨ ਸਰਾਫਾ ਬਾਜ਼ਾਰ ‘ਚ ਹਫਤੇ ਦੌਰਾਨ ਸੋਨੇ ਦਾ ਮੁੱਲ 820 ਰੁਪਏ ਘੱਟ ਕੇ 33,770 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਿਆ। ਹਫਤੇ ਦੌਰਾਨ ਚਾਂਦੀ ਦੀ ਕੀਮਤ ‘ਚ ਵੀ ਗਿਰਾਵਟ ਦੇਖੀ ਗਈ ਅਤੇ ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਸੁਸਤ ਮੰਗ ਕਾਰਨ ਇਹ 40,000 ਰੁਪਏ ਤੋਂ ਹੇਠਾਂ ਡਿੱਗ ਗਈ।ਬਾਜ਼ਾਰ ਮਾਹਰਾਂ ਨੇ ਕਿਹਾ ਕਿ ਡਾਲਰ ਦੇ ਮਜ਼ਬੂਤ ਹੋਣ ਕਾਰਨ ਕੌਮਾਂਤਰੀ ਪੱਧਰ ‘ਤੇ ਸੋਨੇ ਦੀ ਮੰਗ ਫਿੱਕੀ ਰਹੀ। ਚੌਥੀ ਤਿਮਾਹੀ ‘ਚ ਯੂ. ਐੱਸ. ਦੀ ਜੀ. ਡੀ. ਪੀ. ਉਮੀਦ ਤੋਂ ਬਿਹਤਰ ਰਹਿਣ ਨਾਲ ਡਾਲਰ ‘ਚ ਤੇਜ਼ੀ ਦਰਜ ਹੋਈ। ਡਾਲਰ ਮਹਿੰਗਾ ਹੋਣ ਨਾਲ ਹੋਰ ਕਰੰਸੀਆਂ ਵਾਲੇ ਦੇਸ਼ਾਂ ਲਈ ਸੋਨਾ ਖਰੀਦਣਾ ਮਹਿੰਗਾ ਹੋ ਜਾਂਦਾ ਹੈ, ਜਿਸ ਕਾਰਨ ਸੋਨੇ ਦੀ ਮੰਗ ‘ਚ ਗਿਰਾਵਟ ਦਰਜ ਹੋਈ।

ਗਲੋਬਲ ਸਟਾਕਸ ਬਾਜ਼ਾਰ ‘ਚ ਕਾਰੋਬਾਰ ਮਜ਼ਬੂਤ ਹੋਣ ਨਾਲ ਵੀ ਸਥਾਨਕ ਸਰਾਫਾ ਬਾਜ਼ਾਰ ਦੀ ਧਾਰਨਾ ਕਮਜ਼ੋਰ ਰਹੀ। ਗਲੋਬਲ ਪੱਧਰ ‘ਤੇ ਸੋਨਾ ਹਾਜ਼ਰ ਦੀ ਕੀਮਤ 1,293.90 ਡਾਲਰ ਪ੍ਰਤੀ ਔਂਸ ਰਹੀ, ਜੋ 28 ਜਨਵਰੀ ਤੋਂ ਬਾਅਦ ਸਭ ਤੋਂ ਘੱਟ ਹੈ। ਉੱਥੇ ਹੀ, ਨਿਊਯਾਰਕ ‘ਚ ਚਾਂਦੀ ਦੀ ਕੀਮਤ 15.29 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਘਰੇਲੂ ਹਾਜ਼ਰ ਬਾਜ਼ਾਰ ‘ਚ ਸਥਾਨਕ ਜਿਊਲਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਮੰਗ ‘ਚ ਗਿਰਾਵਟ ਕਾਰਨ ਵੀ ਕੀਮਤੀ ਧਾਤਾਂ ਦੀਆਂ ਕੀਮਤਾਂ ‘ਤੇ ਦਬਾਅ ਰਿਹਾ। ਰਾਸ਼ਟਰੀ ਰਾਜਧਾਨੀ ‘ਚ ਚਾਂਦੀ ਹਫਤੇ ਦੌਰਾਨ 1,550 ਰੁਪਏ ਸਸਤੀ ਹੋ ਕੇ 39,950 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ।