ਬਹਿਬਲ ਕਲਾਂ ਕਾਂਡ : ‘ਹਵਾ ਹੋਈ’ ਐੱਸ. ਆਈ. ਟੀ.ਦੀ ਰਿਪੋਰਟ

Uncategorized

ਫਰੀਦਕੋਟ : ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. (ਵਿਸ਼ੇਸ਼ ਜਾਂਚ ਟੀਮ) ਨੂੰ 250 ਤੋਂ ਵੱਧ ਪੁਲਸ ਮੁਲਾਜ਼ਮਾਂ ਅਤੇ ਗਵਾਹਾਂ ਦੇ ਬਿਆਨ ਲਿਖਣ ਦੇ ਬਾਵਜੂਦ ਕਿਸੇ ਵੀ ਅਕਾਲੀ ਆਗੂ ਖਿਲਾਫ਼ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਹੈ। ਅਦਾਲਤ ਵਿਚ ਮੰਗਲਵਾਰ ਨੂੰ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਅਰਜ਼ੀ ‘ਤੇ ਲੰਬੀ ਸੁਣਵਾਈ ਹੋਈ। ਸੁਣਵਾਈ ਦੌਰਾਨ ਜਾਂਚ ਟੀਮ ਅਦਾਲਤ ‘ਚ ਕੋਈ ਵੀ ਅਜਿਹਾ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਤੋਂ ਮਨਤਾਰ ਬਰਾੜ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਆਗੂਆਂ ਦੀ ਇਸ ਕਾਂਡ ਵਿਚ ਸ਼ਮੂਲੀਅਤ ਸਾਬਤ ਹੋ ਸਕੇ। ਜਾਂਚ ਟੀਮ ਨੇ ਕਿਹਾ ਕਿ ਮਨਤਾਰ ਸਿੰਘ ਬਰਾੜ ਨੇ 13 ਅਕਤੂਬਰ 2015 ਦੀ ਰਾਤ ਨੂੰ ਮੁੱਖ ਮੰਤਰੀ, ਡੀ. ਜੀ. ਪੀ. ਅਤੇ ਕੁਝ ਹੋਰ ਮੰਤਰੀਆਂ ਨੂੰ ਲਗਾਤਾਰ 157 ਫ਼ੋਨ ਕੀਤੇ ਇਸ ਕਰਕੇ ਉਨ੍ਹਾਂ ਦਾ ਕਿਰਦਾਰ ਸ਼ੱਕ ਦੇ ਘੇਰੇ ਵਿਚ ਹੈ। ਇਸ ਤੋਂ ਪਹਿਲਾਂ ਜਾਂਚ ਟੀਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ, ਆਈ. ਜੀ, ਡੀ. ਆਈ. ਜੀ. ਅਤੇ ਆਈ. ਏ. ਐੱਸ. ਰੈਂਕ ਦੇ ਦੋ ਦਰਜਨ ਤੋਂ ਵੱਧ ਅਫਸਰਾਂ ਤੋਂ ਇਨ੍ਹਾਂ ਫੋਨਾਂ ਬਾਰੇ ਪੜਤਾਲ ਕਰਕੇ ਬਿਆਨ ਕਲਮਬੰਦ ਕਰ ਚੁੱਕੀ ਹੈ।

ਮਨਤਾਰ ਸਿੰਘ ਬਰਾੜ ਨੇ ਅਦਾਲਤ ਵਿਚ ਦੱਸਿਆ ਕਿ ਐੱਸ. ਆਈ. ਟੀ. ਪੁੱਛ ਪੜਤਾਲ ਦੇ ਨਾਮ ‘ਤੇ ਉਸ ਨੂੰ ਜ਼ਲੀਲ ਕਰ ਰਹੀ ਹੈ, ਜੇਕਰ ਜਾਂਚ ਟੀਮ ਕੋਲ ਉਨ੍ਹਾਂ ਖਿਲਾਫ਼ ਗਵਾਹੀ ਹੈ ਜਾਂ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਹ ਅਦਾਲਤ ਨੂੰ ਦੱਸਣ। ਜਾਂਚ ਟੀਮ ਅਦਾਲਤ ਵਿਚ ਮਨਤਾਰ ਬਰਾੜ ਨੂੰ ਗ੍ਰਿਫ਼ਤਾਰ ਕਰਨ ਜਾਂ ਨਾ ਕਰਨ ਬਾਰੇ ਪੂਰੀ ਤਰ੍ਹਾਂ ਚੁੱਪ ਰਹੀ। ਐੱਸ. ਆਈ. ਟੀ. ਦੇ ਮੈਂਬਰ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਪੁਲਸ ਅਧਿਕਾਰੀਆਂ ਵੱਲੋਂ ਜਿਪਸੀ ‘ਤੇ ਕੀਤੀ ਗਈ ਫਾਇਰਿੰਗ ਇਸ ਗੱਲ ਦਾ ਸਬੂਤ ਹੈ ਕਿ ਪੁਲਸ ਅਧਿਕਾਰੀਆਂ ਨੇ ਆਪਣੇ ਗੁਨਾਹ ਛੁਪਾਉਣ ਲਈ ਇਹ ਗੋਲੀਆਂ ਚਲਾਈਆਂ ਸਨ। 

ਐੱਸ. ਆਈ. ਟੀ. ਵਲੋਂ ਅਦਾਲਤ ਵਿਚ ਇਕ ਬੰਦ ਲਿਫਾਫਾ ਰਿਪੋਰਟ ਪੇਸ਼ ਕੀਤੀ ਗਈ। ਇਸ ਰਿਪੋਰਟ ‘ਤੇ 40 ਮਿੰਟ ਲੰਬੀ ਬਹਿਸ ਹੋਈ ਪਰ ਇਸ ਰਿਪੋਰਟ ‘ਚ ਵੀ ਕੋਈ ਵਿਸ਼ੇਸ਼ ਤੱਥ ਸਾਹਮਣੇ ਨਹੀਂ ਆਏ, ਸਗੋਂ ਰਿਪੋਰਟ ਵਿਚ ਉਹੀ ਗੱਲਾਂ ਸਨ ਜੋ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦੇ ਮਾਮਲਿਆਂ ਦੀ ਸੁਣਵਾਈ ਦੌਰਾਨ ਅਦਾਲਤ ਸਾਹਮਣੇ ਰੱਖੀਆਂ ਗਈਆਂ ਸਨ।