ਰਾਜਧਾਨੀ ’ਚ ਲਾਇਆ ਪੱਕਾ ਮੋਰਚਾ ਪੰਜਾਬ ਦੇ ਕਿਸਾਨਾਂ ਨੇ !

Agriculture

ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨਾਲ ਮਿਲ ਕੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਕਮੇਟੀ ਵਲੋਂ ਬੀਤੇ ਦਿਨ ਲੋਕਪਾਲ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਦੇਸ਼ ਵਿਆਪੀ ਅੰਦੋਲਨ ਤਹਿਤ ਪੰਜਾਬ ਦੇ ਕਿਸਾਨਾਂ ਨੇ ਵੀ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਰਾਜਧਾਨੀ ਚੰਡੀਗਡ਼੍ਹ ਵਿਚ ਭਾਰੀ ਠੰਡ ਤੇ ਧੁੰਦ ਦੇ ਮੌਸਮ ਦੇ ਬਾਵਜੂਦ ਮੋਰਚਾ ਲਾ ਦਿੱਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸੈਕਟਰ-25 ਦੇ ਰੈਲੀ ਗਰਾਊਂਡ ’ਚ ਮਰਨ ਵਰਤ ’ਤੇ ਬੈਠ ਗਏ ਹਨ। ਉਨ੍ਹਾਂ ਦੇ ਮਰਨ ਵਰਤ ਸ਼ੁਰੂ ਕਰਨ ਸਮੇਂ ਪੰਜਾਬ ਭਰ ਵਿਚੋਂ ਵੱਖ-ਵੱਖ ਜ਼ਿਲਿਆਂ ਵਿਚੋਂ ਵੱਡੀ ਗਿਣਤੀ ’ਚ ਹੋਰ ਕਿਸਾਨ ਵੀ ਪਹੁੰਚੇ ਹਨ ਅਤੇ ਰੈਲੀ ਗਰਾਊਂਡ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਨਾਲ ਭਰ ਗਿਆ ਹੈ। ਕਿਸਾਨਾਂ ਨੇ ਡੱਲੇਵਾਲ ਨੂੰ ਵਿਸ਼ਾਲ ਰੈਲੀ ’ਚ ਮਰਨ ਵਰਤ ’ਤੇ ਬਿਠਾਉਣ ਤੋਂ ਬਾਅਦ ਪੱਕੇ ਤੌਰ ’ਤੇ ਰੈਲੀ ਗਰਾਊਂਡ ’ਚ ਹੀ ਡੇਰੇ ਲਾ ਲਏ ਹਨ।
ਕਿਸਾਨ ਟਰੈਕਟਰ-ਟਰਾਲੀਆਂ ਵਿਚ ਰਾਸ਼ਨ ਪਾਣੀ ਵੀ ਨਾਲ ਲੈ ਕੇ ਆਏ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਉਹ 2 ਮਹੀਨੇ ਦੇ ਰਾਸ਼ਨ ਦਾ ਪ੍ਰਬੰਧ ਕਰਕੇ ਆਏ ਹਨ ਅਤੇ ਯੂਨੀਅਨ ਪ੍ਰਧਾਨ ਡੱਲੇਵਾਲ ਤੋਂ ਬਾਅਦ ਲੋੜ ਪੈਣ ’ਤੇ ਹੋਰ ਕਿਸਾਨ ਵੀ ਮਰਨ ਵਰਤ ’ਤੇ ਬੈਠਣ ਲਈ ਤਿਆਰ ਹਨ। ਕਿਸਾਨਾਂ ਦੇ ਅੰਦੋਲਨ ਨੂੰ ਦੇਖਦਿਆਂ ਚੰਡੀਗੜ੍ਹ ਪੁਲਸ ਨੇ ਵੀ ਰੈਲੀ ਗਰਾਊਂਡ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਹਨ ਅਤੇ ਪੁਲਸ ਅਧਿਕਾਰੀਆਂ ਵਲੋਂ ਵੀ ਇਥੇ ਕੈਂਪ ਆਫ਼ਿਸ ਸਥਾਪਿਤ ਕਰਕੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁੱਖ ਮੰਗ ਜਿਥੇ ਭ੍ਰਿਸ਼ਟਾਚਾਰ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਲੋਕਪਾਲ ਦੀ ਸਥਾਪਨਾ ਕਰਵਾਉਣਾ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫ਼ੀ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਿਕ ਖਰਚੇ ਕੱਢ ਕੇ 50 ਫੀਸਦੀ ਵਾਧੇ ਨਾਲ ਫਸਲਾਂ ਦੇ ਲਾਭਕਾਰੀ ਮੁੱਲ ਦਿਵਾਉਣਾ ਹੈ।