ਸੂਬਾ ਸਰਕਾਰ ਸਾਬਤ ਹੋ ਰਹੀ ਦਲਿਤ ਵਿਰੋਧੀ : ਭਗਵੰਤ ਮਾਨ |

Uncategorized

ਪਿੰਡ ਘਨੌਰ ਕਲਾਂ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਧਰਮਸ਼ਾਲਾ ਬਾਬਾ ਜੀਵਨ ਸਿੰਘ ਜੀ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਨਾਇਆ ਗਿਆ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿੱਥੇ ਉਨ੍ਹਾਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ, ਉੱਥੇ ਉਨ੍ਹਾਂ ਵੱਲੋ ਦਰਸਾਏ ਮਾਰਗ ‘ਤੇ ਚੱਲਣ ਲਈ ਕਿਹਾ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਵਾਂਗ ਹੁਣ ਕਾਂਗਰਸ ਸਰਕਾਰ ਵੀ ਉਸੇ ਰਸਤੇ ‘ਤੇ ਚੱਲ ਰਹੀ ਹੈ ਅਤੇ ਗ਼ਰੀਬ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਰਾਹੀਂ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਿਆ ਕਰ ਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਉਨ੍ਹਾਂ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਆਉਣ ‘ਤੇ ਕੋਈ ਵੀ ਲੋੜਵੰਦ ਪਰਿਵਾਰ ਸੁੱਖ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ। ਇਸ ਮੌਕੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਰੱਖੀਆਂ ਗਈਆਂ ਮੰਗਾਂ ‘ਚ ਦਲਿਤ ਭਾਈਚਾਰੇ ਦੀ ਧਰਮਸ਼ਾਲਾ ‘ਚ ਸ਼ੈੱਡ ਅਤੇ ਸ਼ਮਸ਼ਾਨਘਾਟ ਤੱਕ ਸੜਕ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਸ ਮੰਗ ਨੂੰ ਜਲਦੀ ਹੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਸਮੇਂ ਡਾਕਟਰ ਭੀਮ ਇੰਦਰ, ਸੁਰਿੰਦਰ ਪਾਲ ਸ਼ਰਮਾ, ਆਮ ਆਦਮੀ ਪਾਰਟੀ ਦੇ ਸੂਬਾ ਆਗੂ ਪਰਮਿੰਦਰ ਸਿੰਘ ਪੁੰਨੂੰ ਕਾਤਰੋਂ, ਯੂਥ ਆਗੂ ਸੰਦੀਪ ਸਿੰਘ ਘਨੌਰ, ਪ੍ਰੋਫ਼ੈਸਰ ਸੁਰਿੰਦਰ ਪਾਲ ਸ਼ਰਮਾ ਜਨਰਲ ਸਕੱਤਰ ਬੁੱਧੀਜੀਵੀ ਵਿੰਗ ਪੰਜਾਬ, ਸੁਖਵਿੰਦਰ ਸਿੰਘ ਧੀਮਾਨ ਕੋਆਰਡੀਨੇਟਰ ਬੁੱਧੀਜੀਵੀ ਵਿੰਗ ਸੰਗਰੂਰ, ਚੇਅਰਮੈਨ ਸ਼ਹੀਦ ਬਾਬਾ ਜੀਵਨ ਸਿੰਘ ਫਾਊਂਡੇਸ਼ਨ ਗੁਰਜੀਤ ਸਿੰਘ ਗਿੱਲ, ਪ੍ਰੋਫ਼ੈਸਰ ਨਵਦੀਪ ਕੁਮਾਰ, ਮਾਸਟਰ ਜਗਸੀਰ ਸਿੰਘ ਅਮਰਗੜ੍ਹ, ਜੋਰਾ ਸਿੰਘ ਚੀਮਾ ਪ੍ਰਧਾਨ, ਸਰਪੰਚ ਭੀਲਾ ਸਿੰਘ ਘਨੌਰ ਕਲਾਂ, ਪ੍ਰਿਤਪਾਲ ਸਿੰਘ ਪਾਲੀ ਬਲਾਕ ਸੰਮਤੀ ਮੈਂਬਰ, ਜਗਸੀਰ ਸਿੰਘ ਜੱਗੀ ਪ੍ਰਧਾਨ ਬਾਬਾ ਜੀਵਨ ਸਿੰਘ ਫਾਊਂਡੇਸ਼ਨ ਅਤੇ ਹੋਰ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।