ਪੰਜਾਬ ਦੇ ਗੰਨਾ ਕਿਸਾਨਾਂ ਨੇ ਲਿਆ ਪੱਕਾ ਧਰਨਾ ,ਫਗਵਾੜਾ ਨੈਸ਼ਨਲ ਹਾਈਵੇ ‘ਤੇ !

Agriculture

ਸੂਬੇ ਦੇ ਗੰਨਾ ਕਿਸਾਨਾਂ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਲਿਆ ਹੈ। ਨਿੱਜੀ ਸ਼ੂਗਰ ਮਿੱਲਾਂ ਤੁਰੰਤ ਚਾਲੂ ਕਰਨ ਤੇ ਗੰਨੇ ਦਾ ਪਿਛਲੇ ਸਾਲ ਦਾ ਬਕਾਇਆ ਦੇਣ ਦੀ ਮੰਗ ਲੈ ਕੇ ਪੰਜਾਬ ਭਰ ਦੇ ਗੰਨਾ ਕਿਸਾਨ ਸੜਕਾਂ ’ਤੇ ਉੱਤਰ ਆਏ ਹਨ। ਦਸੂਹਾਂ ਤੇ ਕਾਦੀਆਂ ਨਾਲ ਵੱਖ-ਵੱਖ ਥਾਈਂ ਚਾਰ ਦਿਨਾਂ ਤੋਂ ਕਿਸਾਨ ਧਰਨੇ ’ਤੇ ਬੈਠੇ ਸਨ। ਮੰਗਲਵਾਰ ਨੂੰ ਪੂਰੀ ਯੋਜਨਾ ਤਹਿਤ ਫਗਵਾੜਾ ਵਿੱਚ ਕਰੀਬ ਦੋ ਹਜ਼ਾਰ ਕਿਸਾਨਾਂ ਨੇ ਸਵੇਰ ਤੋਂ ਹੀ ਵਾਹਦ ਐਂਡ ਸੰਧਰ ਸ਼ੂਗਰ ਮਿੱਲ ਬਾਹਰ 2.45 ਵਜੇ ਤਕ ਧਰਨਾ ਦਿੱਤਾ।

ਇਸੇ ਦੌਰਾਨ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਤੇ ਡੀਸੀ ਕਪੂਰਥਲਾ ਮੁਹੰਮਦ ਤੈਯਬ ਨੇ ਕਈ ਵਾਰ ਯੂਨੀਅਨ ਲੀਡਰਾਂ ਨਾਲ ਗੱਲ ਕਰ ਕੇ ਧਰਮਾ ਖ਼ਤਮ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਕੱਢਿਆ। 3 ਵਜੇ ਕਿਸਾਨਾਂ ਨੇ ਪੈਦਲ ਰੋਸ ਮਾਰਚ ਸ਼ੁਰੂ ਕੀਤਾ ਜੋ ਕਰੀਬ 4 ਕਿਲੋਮੀਟਰ ਦੂਰ ਪਿੰਡ ਮਹਿਤਾ ਡੀਟੀ ਰੋਡ ’ਤੇ ਆ ਕੇ ਰੁਕਿਆ। ਇੱਥੇ ਕਿਸਾਨਾਂ ਨੇ ਸੜਕ ਜਾਮ ਕਰ ਦਿੱਤੀ|
ਕਿਸਾਨਾਂ ਦੇ ਜਾਮ ਨਾਲ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਲੋਕਾਂ ਨੂੰ ਵੀ ਖ਼ਾਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਜਾਮ ਖੁਲ੍ਹਵਾਉਣ ਲਈ ਪਿੰਡਾਂ ਥਾਣੀਂ ਵਾਹਨ ਕੱਢੇ। ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਹੁੰਦੀ ਵੇਖ ਕਿਸਾਨ ਹੋਰ ਭੜਕ ਗਏ ਤੇ ਰਾਤ 9 ਵਜੇ ਉਨ੍ਹਾਂ ਮਿਹਤਾ ਬਾਈਪਾਸ ਕੋਲ ਸੜਕ ’ਤੇ ਪੱਕਾ ਜਾਮ ਲਾ ਦਿੱਤਾ ਤੇ ਤੰਬੂ ਲਾ ਕੇ ਉੱਥੇ ਹੀ ਸੌਂ ਗਏ। ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਮਿੱਲ ਮਾਲਕਾਂ ਨੇ ਸਰਕਾਰ ਨਾਲ ਮਿਲ ਕੇ ਪੈਸਿਆਂ ਦਾ ਘਪਲਾ ਕੀਤਾ ਹੈ ਤੇ ਹੁਣ ਕਿਸਾਨਾਂ ਨੂੰ ਬਕਾਇਆ ਦੇਣ ਵਾਲੀ ਟਾਲ਼ਾ ਵੱਟਿਆ ਜਾ ਰਿਹਾ ਹੈ।

ਮੁਕੇਰੀਆਂ ਤੇ ਦਸੂਹਾ ਵਿੱਚ ਦੂਜੇ ਦਿਨ ਵੀ ਚੱਕਾ ਜਾਮ ਜਾਰੀ ਰਿਹਾ। ਦਸੂਹਾ ਵਿੱਚ ਕਿਸਾਨਾਂ ਨੇ ਹੁਸ਼ਿਆਰਪੁਰ ਜੀਟੀ ਰੋਡ ਜਾਮ ਰੱਖਿਆ। ਰਾਤ ਨੂੰ ਵੀ ਕਿਸਾਨ ਧਰਨੇ ’ਤੇ ਡਟੇ ਰਹੇ। ਪੁਲਿਸ ਨੇ ਪਠਾਨਕੋਟ ਵੱਲੋਂ ਆ ਰਹੇ ਟਰੈਫਿਕ ਨੂੰ ਮੁਕੇਰੀਆਂ ਵਿੱਚ ਮਾਤਾ ਰਾਨੀ ਚੌਕ ਤੋਂ ਵਾਇਆ ਹਾਜੀਪੁਰ ਡਾਇਵਰਟ ਕੀਤਾ। ਕਿਸਾਨ ਲੀਡਰਾਂ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਗੰਨਾ ਮਿੱਲਾਂ ’ ਤੇ ਕਰੀਬ 400 ਕਰੋੜ ਰੁਪਏ ਦਾ ਬਕਾਇਆ ਪੈਂਡਿਗ ਹੈ। ਜਦਕਿ ਨਿਯਮਾਂ ਮੁਤਾਬਕ ਗੰਨੇ ਦੀ ਕੀਮਤ 14 ਦਿਨਾਂ ਅੰਦਰ ਕਿਸਾਨਾਂ ਦੇ ਖ਼ਾਤੇ ਵਿੱਚ ਆ ਜਾਣੀ ਚਾਹੀਦੀ ਹੈ। ਫਗਵਾੜਾ ਮਿੱਲ ’ਤੇ 50 ਕਰੋੜ, ਮੁਕੇਰੀਆਂ ਮਿੱਲ ’ਤੇ 48 ਕਰੋੜ ਤੇ ਦਸੂਹਾ ਮਿੱਲ ’ਤੇ 8 ਕਰੋੜ ਰੁਪਏ ਬਕਾਇਆ ਹੈ। ਸਭ ਤੋਂ ਜ਼ਿਆਦਾ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਮਿੱਲ ’ਤੇ 62 ਕਰੋੜ ਰੁਪਏ ਬਕਾਇਆ ਹੈ।

4 thoughts on “ਪੰਜਾਬ ਦੇ ਗੰਨਾ ਕਿਸਾਨਾਂ ਨੇ ਲਿਆ ਪੱਕਾ ਧਰਨਾ ,ਫਗਵਾੜਾ ਨੈਸ਼ਨਲ ਹਾਈਵੇ ‘ਤੇ !

Leave a Reply

Your email address will not be published. Required fields are marked *