ਭਾਰਤ ‘ਚ ਹੋਣ ਵਾਲੇ ਸ਼ੂਟਿੰਗ ਵਿਸ਼ਵ ਕੱਪ ‘ਚ ਨਹੀਂ ਮਿਲੀ ਜਗ੍ਹਾ ,ਪਾਕਿ ਨੂੰ ਵੱਡਾ ਝਟਕਾ |

Sports

ਪਾਕਿਸਤਾਨ ਦਿੱਲੀ ਵਿਚ ਹੋਣ ਵਾਲੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲਵੇਗਾ। ਪਾਕਿਸਤਾਨੀ ਰਾਸ਼ਟਰੀ ਰਾਈਫਲ ਨਿਸ਼ਾਨੇਬਾਜ਼ੀ ਮਹਾਸੰਘ ਦੇ ਇਕ ਚੋਟੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਉਸ ਦੇ ਨਿਸ਼ਾਨੇਬਾਜ਼ਾਂ ਨੂੰ ਭਾਰਤੀ ਹਾਈ ਕਮੀਸ਼ਨ ਤੋਂ ਵੀਜ਼ਾ ਨਹੀਂ ਮਿਲਿਆ ਹੈ।

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਦੇ ਹਿੱਸਾ ਲੈਣ ‘ਤੇ ਸ਼ੱਕ ਜਤਾਇਆ ਜਾ ਰਿਹਾ ਸੀ। ਐੱਨ. ਐੱਸ. ਆਰ. ਐੱਫ. ਪ੍ਰਧਾਨ ਰਜੀ ਅਹਿਮਦ ਨੇ ਕਿਹਾ, ”ਸਾਡੇ ਨਿਸ਼ਾਨੇਬਾਜ਼ਾਂ ਨੂੰ ਬੁੱਧਵਾਰ ਦੀ ਸਵੇਰੇ ਰਵਾਨਾ ਹੋਣਾ ਸੀ, ਕਿਉਂਕਿ ਵੀਰਵਾਰ ਤੋਂ ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ ਪਰ ਸਾਨੂੰ ਵੀਜ਼ਾ ਨਹੀਂ ਮਿਲਿਆ ਹੈ।

ਉਸ ਨੇ ਅੱਗੇ ਕਿਹਾ, ”ਪੁਲਵਾਮਾ ਹਮਲੇ ਤੋਂ ਬਾਅਦ ਸਾਨੂੰ ਵੀਜ਼ਾ ਮਿਲਣ ‘ਤੇ ਸ਼ੱਕ ਹੀ ਸੀ, ਜੋ ਸਹੀ ਸਾਬਤ ਹੋਇਆ। ਇਹ ਅਫਸੋਸਜਨਕ ਹੈ ਕਿ ਸਾਡੇ ਨਿਸ਼ਾਨੇਬਾਜ਼ਾਂ ਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਨਹੀਂ ਮਿਲੇਗਾ। ਹਵਾਈ ਟਿਕਟ ਬੁੱਕ ਹੋ ਚੁੱਕੇ ਸੀ ਅਤੇ ਦਿੱਲੀ ਵਿਚ ਹਥਿਆਰ ਲਿਜਾਣ ਲਈ ਐੱਨ. ਓ. ਸੀ. ਵੀ ਮਿਲ ਚੁੱਕਾ ਸੀ। ਉਸ ਨੇ ਦੱਸਿਆ ਕਿ ਪਾਕਿਸਤਾਨ ਨੇ ਬਸ਼ੀਰ ਅਤੇ ਖਲੀਲ ਅਹਿਮਦ ਦੇ ਨਾਲ ਟੀਮ ਮੈਨੇਜਰ ਲਈ ਵੀਜ਼ਾ ਮੰਗਿਆ ਸੀ। ਇਸ ਵਿਚਾਲੇ ਭਾਰਤੀ ਰਾਸ਼ਟਰੀ ਰਾਈਫਲ ਸੰਘ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਕੱਪ ਵਿਚ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਦੀ ਹਿੱਸੇਦਾਰੀ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਮਿਲੀ ਹੈ।