ਤੀਜਾ ਝਟਕਾ ਲੱਗਾ ਨਿਊਜ਼ੀਲੈਂਡ ਨੂੰ, ਡੇਰਿਲ ਹੋਏ ਆਊਟ !

Sports

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਭਾਰਤ ਪਹਿਲਾ ਗੇਂਦਬਾਜ਼ੀ ਕਰੇਗਾ। ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਟਿਮ ਸਿਫਰਟ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਸਿਫਰਟ ਭੁਵਨੇਸ਼ਵਰ ਕੁਮਾਰ ਦੀ ਗੇਂਦ ‘ਤੇ ਧੋਨੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕੌਲਿਨ ਮੁਨਰੋ 12 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਕੌਲਿਨ ਮੁਨਰੋ ਕਰੁਣਾਲ ਪੰਡਯਾ ਦੀ ਗੇਂਦ ‘ਤੇ ਰੋਹਿਤ ਨੂੰ ਕੈਚ ਦੇ ਬੈਠੇ ਅਤੇ ਆਊਟ ਹੋ ਗਏ। ਨਿਊਜ਼ੀਲੈਂਡ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਡੇਰਿਲ ਮਿਸ਼ੇਲ 1 ਦੌੜ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਡੇਰਿਲ ਮਿਸ਼ੇਲ ਨੂੰ ਕਰੁਣਾਲ ਪੰਡਯਾ ਨੇ ਐੱਲ.ਬੀ.ਡਬਲਿਊ. ਆਊਟ ਕੀਤਾ। ਖਬਰ ਲਿਖੇ ਜਾਣ ਤਕ ਨਿਊਜ਼ੀਲੈਂਡ ਨੇ 6.4 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 48 ਦੌੜਾਂ ਬਣਾ ਲਈਆਂ ਹਨ। ਕ੍ਰੀਜ਼ ‘ਤੇ ਕੇਨ ਵਿਲੀਅਮਸਨ (19 ਦੌੜਾਂ) ਅਤੇ ਰੋਸ ਟੇਲਰ (2 ਦੌੜਾਂ) ਮੌਜੂਦ ਹਨ। ਬੁੱਧਵਾਰ ਨੂੰ ਭਾਰਤ ਨੂੰ ਟੀ-20 ਕ੍ਰਿਕਟ ‘ਚ 80 ਦੌੜਾਂ ਦੇ ਫਰਕ ਨਾਲ ਸਭ ਤੋਂ ਵੱਡੀ ਹਾਰ ਝੱਲਣੀ ਪਈ। ਇਸ ਦੇ ਬਾਅਦ ਦੂਜੇ ਮੈਚ ਦੇ ਲਈ ਉਤਰਨ ਵਾਲੀ ਭਾਰਤੀ ਟੀਮ ਲਈ ਆਤਮ ਮੰਥਨ ਲਈ ਜ਼ਿਆਦਾ ਸਮਾਂ ਨਹੀਂ ਹੈ। ਪਹਿਲੇ ਮੈਚ ‘ਚ ਕੁਝ ਵੀ ਭਾਰਤ ਦੇ ਪੱਖ ‘ਚ ਨਹੀਂ ਰਿਹਾ ਸੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ‘ਤੇ 219 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਟਿਮ ਸੀਫਰਟ ਨੇ ਭਾਰਤੀ ਗੇਂਦਬਾਜ਼ਾਂ ਦਾ ਕੁੱਟਾਪਾ ਚਾੜਦੇ ਹੋਏ 43 ਗੇਂਦਾਂ ‘ਚ 84 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੂੰ ਉਸ ਦੇ ਬੱਲੇ ‘ਤੇ ਰੋਕ ਲਗਾਉਣ ਦੀ ਰਣਨੀਤੀ ਬਣਾਉਣੀ ਹੋਵੇਗੀ।

ਭੁਵਨੇਸ਼ਵਰ ਕੁਮਾਰ, ਹਾਰਦਿਕ ਪੰਡਯਾ ਅਤੇ ਖਲੀਲ ਅਹਿਮਦ ਸਾਰੇ ਕਾਫੀ ਮਹਿੰਗੇ ਸਾਬਤ ਹੋਏ। ਭਾਰਤੀ ਟੀਮ ਅਹਿਮਦ ਦੀ ਜਗ੍ਹਾ ਸਿਧਾਰਥ ਕੌਲ ਜਾਂ ਮੁਹੰਮਦ ਸਿਰਾਜ ਨੂੰ ਉਤਾਰ ਸਕਦੀ ਹੈ। ਸਪਿਨਰ ਕਰੁਣਾਲ ਪੰਡਯਾ ਅਤੇ ਯੁਜਵੇਂਦਰ ਚਾਹਲ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਚਾਈਨਾਮੈਨ ਕੁਲਦੀਪ ਯਾਦਵ ਨੂੰ ਉਤਾਰਿਆ ਜਾ ਸਕਦਾ ਹੈ। ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 80 ਦੌੜਾਂ ਨਾਲ ਹਾਰ ਗਈ।

ਪਹਿਲਾ ਮੈਚ ਹਾਰਨ ਦੇ ਬਾਅਦ ਰੋਹਿਤ ਸ਼ਰਮਾ ਨੇ ਕਿਹਾ ਸੀ, ”ਇਕ ਟੀਮ ਦੇ ਤੌਰ ‘ਤੇ ਅਸੀਂ ਟੀਚੇ ਦਾ ਪਿੱਛਾ ਕਰਨ ‘ਚ ਚੰਗੇ ਰਹੇ ਹਾਂ। ਮੈਨੂੰ ਲਗਦਾ ਹੈ ਕਿ ਅਸੀਂ ਹਰ ਟੀਚੇ ਦਾ ਪਿੱਛਾ ਕਰ ਸਕਾਂਗੇ ਪਰ ਅੱਜ ਨਹੀਂ ਕਰ ਸਕੇ।” ਖ਼ੁਦ ਇਕ ਦੌੜ ਬਣਾ ਕੇ ਆਊਟ ਹੋਏ ਰੋਹਿਤ ਮੋਰਚੇ ਦੀ ਅਗਵਾਈ ਕਰਨਾ ਚਾਹੁਣਗੇ। ਜਦਕਿ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਦੀ ਕੋਸ਼ਿਸ ‘ਚ ਲੱਗੇ ਰਿਸ਼ਭ ਪੰਤ ਦੀਆਂ ਨਜ਼ਰਾਂ ਵੀ ਵੱਡੀ ਪਾਰੀ ਖੇਡਣ ‘ਤੇ ਹੋਣਗੀਆਂ। ਹਰਫਨਮੌਲਾ ਵਿਜੇ ਸ਼ੰਕਰ ਨੇ 18 ਗੇਂਦਾਂ ‘ਚ 27 ਦੌੜਾਂ ਬਣਾਈਆਂ। ਹੁਣ ਦੇਖਣਾ ਹੈ ਕਿ ਉਨ੍ਹਾਂ ਨੂੰ ਇਕ ਹੋਰ ਮੌਕਾ ਮਿਲਦਾ ਹੈ ਜਾਂ ਟੀਮ ਸ਼ੁਭਮਨ ਗਿੱਲ ਨੂੰ ਉਤਾਰਦੀ ਹੈ।

ਜਦਕਿ ਕੀਵੀ ਕਪਤਾਨ ਕੇਨ ਵਿਲੀਅਮਸਨ ਪਹਿਲੇ ਮੈਚ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹੋਣਗੇ ਪਰ ਆਤਮ ਮੁਗਧਤਾ ਤੋਂ ਬੱਚ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੇ। ਉਨ੍ਹਾਂ ਕਿਹਾ, ”ਇਹ ਸੰਪੂਰਨ ਪ੍ਰਦਰਸ਼ਨ ਸੀ ਜੋ ਰੋਜ਼ ਨਹੀਂ ਹੁੰਦਾ। ਉਮੀਦ ਹੈ ਕਿ ਅਸੀਂ ਲੈਅ ਕਾਇਮ ਰੱਖ ਕੇ ਲੜੀ ਆਪਣੀ ਝੋਲੀ ‘ਚ ਪਾਵਾਂਗੇ। ਸੀਫਰਟ ਅਤੇ ਕੋਲਿਨ ਮੁਨਰੋ ਨੇ ਬੱਲੇ ਨਾਲ ਅਤੇ ਅਨੁਭਵੀ ਟਿਮ ਸਾਊਦੀ ਨੇ ਇਸ ਮੈਚ ‘ਚ ਗੇਂਦ ਨਾਲ ਕਮਾਲ ਦਿਖਾਕੇ ਤਿੰਨ ਵਿਕਟ ਲਏ।