ਹੁਣ ਟਾਈਟਲਰ ਕਾਨੂੰਨ ਦੇ ਸ਼ਿਕੰਜੇ ‘ਚ ਸੱਜਣ ਤੋਂ ਬਾਅਦ !

Uncategorized

1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਇਕ ਤੋਂ ਬਾਅਦ ਇਕ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾ ਰਹੀ ਹੈ। ਬੀਤੇ ਸਾਲ 17 ਦਸੰਬਰ 2018 ਨੂੰ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹੁਣ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ 1984 ਦੇ ਕਤਲੇਆਮ ‘ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਸੀ. ਬੀ. ਆਈ. ਸ਼ਹਿਰੀ ਅਦਾਲਤ ਦਾ ਰੁਖ਼ ਕਰੇਗੀ ਅਤੇ ਅਦਾਲਤ ਨੂੰ ਦੱਸੇਗੀ ਕਿ ਟਾਈਲਟਰ ਦੀ ਇਸ ਕੇਸ ‘ਚ ਜਾਂਚ ਜਾਰੀ ਰੱਖੀ ਜਾਵੇਗੀ ਜਾਂ ਨਹੀਂ। ਸੀ. ਬੀ. ਆਈ. ਇਸ ਕੇਸ ਦੀ ਇਕ ਰਿਪੋਰਟ ਦਾਖਲ ਕਰੇਗੀ, ਜਿਸ ‘ਚ ਦੱਸਿਆ ਜਾਵੇਗਾ ਕਿ 1 ਤੇ 2 ਨਵੰਬਰ 1984 ਨੂੰ ਦਿੱਲੀ ਦੇ ਬਾਰਾ ਹਿੰਦੂ ਰਾਓ ਇਲਾਕੇ ‘ਚ ਸਥਿਤ ਗੁਰਦੁਆਰਾ ਪੁਲ ਬੰਗਸ਼ ਵਿਚ 3 ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।

ਟਾਈਟਲਰ ਵਿਰੁੱਧ ਮਾਮਲਾ ਤਿੰਨ ਮਾਮਲਿਆਂ ‘ਚੋਂ ਇਕ ‘ਤੇ ਸੀ, ਜਿਸ ਨੂੰ ਨਾਨਾਵਤੀ ਕਮਿਸ਼ਨ ਨੇ ਹੁਕਮ ‘ਤੇ 2005 ‘ਚ ਸੀ. ਬੀ. ਆਈ. ਨੇ ਮੁੜ ਖੋਲ੍ਹਿਆ ਸੀ। ਜਦਕਿ ਦੋ ਕੇਸ ਸੱਜਣ ਵਿਰੁੱਧ ਚੱਲ ਰਹੇ ਹਨ, ਜੋ ਕਿ ਦਿੱਲੀ ਛਾਉਣੀ ਅਤੇ ਸੁਲਤਾਨਪੁਰੀ ਇਲਾਕੇ ‘ਚ ਵਾਪਰੇ ਸਨ। ਸੱਜਣ ਨੂੰ ਛਾਉਣੀ ਕੇਸ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਜਦਕਿ ਸੁਲਤਾਨਪੁਰੀ ਕੇਸ ਦਾ ਟਰਾਇਲ ਚੱਲ ਰਿਹਾ ਹੈ। ਬੀਤੇ ਦਿਨੀਂ ਉਸ ਨੂੰ ਅਦਾਲਤ ‘ਚ ਪੇਸ਼ ਵੀ ਕੀਤਾ ਗਿਆ ਸੀ।

ਹਾਲਾਂਕਿ ਗੁਰਦੁਆਰੇ ‘ਚ ਹੋਏ ਦੰਗਿਆਂ ਦੌਰਾਨ 3 ਸਿੱਖ ਨੂੰ ਜ਼ਿੰਦਾ ਸਾੜ ਦੇਣ ਦੀ ਘਟਨਾ ਵਿਚ ਟਾਈਟਲਰ ਸ਼ੱਕੀ ਹੀ ਸੀ। ਟਾਈਟਲਰ ਵਿਰੁੱਧ ਲਖਵਿੰਦਰ ਕੌਰ ਨੇ ਸ਼ਿਕਾਇਤ ਦਿੱਤੀ ਸੀ, ਜਿਸ ਦਾ ਪਤੀ ਪੁਲ ਬੰਗਸ਼ ਹਮਲੇ ‘ਚ ਮਾਰਿਆ ਗਿਆ ਸੀ। ਦਿੱਲੀ ਦੀ ਕੜਕੜਡੂਮਾ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਕੋਰਟ ਨੇ ਸੀ. ਬੀ. ਆਈ. ਦੇ ਕਲੋਜ਼ਰ ਰਿਪੋਰਟ ਨੂੰ ਖਾਰਜ ਕਰ ਕੇ ਜਾਂਚ ਜਾਰੀ ਰੱਖਣ ਦਾ ਹੁਕਮ ਦਿੱਤਾ ਸੀ। ਅੱਜ ਸੀ. ਬੀ. ਆਈ. ਵਲੋਂ ਇਸ ਕੇਸ ਨੂੰ ਸੂਚੀਬੱਧ ਕੀਤਾ ਗਿਆ ਹੈ।